ਸਵ. ਸਵਦੇਸ਼ ਚੋਪੜਾ ਜੀ ਦੀ ਨੌਵੀਂ ਬਰਸੀ ’ਤੇ ਲਾਏ ਮੈਡੀਕਲ ਕੈਂਪ ’ਚ 530 ਮਰੀਜ਼ ਦਾ ਹੋਇਆ ਮੁਫ਼ਤ ਇਲਾਜ

Monday, Jul 08, 2024 - 12:56 PM (IST)

ਸਵ. ਸਵਦੇਸ਼ ਚੋਪੜਾ ਜੀ ਦੀ ਨੌਵੀਂ ਬਰਸੀ ’ਤੇ ਲਾਏ ਮੈਡੀਕਲ ਕੈਂਪ ’ਚ 530 ਮਰੀਜ਼ ਦਾ ਹੋਇਆ ਮੁਫ਼ਤ ਇਲਾਜ

ਚੰਡੀਗੜ੍ਹ (ਅਰਚਨਾ) : ਸਵ. ਸਵਦੇਸ਼ ਚੋਪੜਾ ਜੀ ਦੀ ਨੌਵੀਂ ਬਰਸੀ ਮੌਕੇ ਐਤਵਾਰ ਨੂੰ ਪੰਜਾਬ ਕੇਸਰੀ/ਜਗਬਾਣੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਲਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ ਕਾਰਡੀਓਲੋਜੀ, ਨਿਊਰੋਲੋਜੀ, ਗੈਸਟਰੋਐਂਟਰੌਲੋਜੀ, ਸਪਾਈਨ, ਆਰਥੋਪੈਡਿਕ, ਸਕਿੱਨ, ਆਈ, ਮੈਡੀਸਨ, ਫਿਜ਼ੀਓਥੈਰੇਪੀ, ਐਲੋਪੈਥੀ ਤੋਂ ਇਲਾਵਾ ਆਯੁਰਵੈਦਿਕ ਅਤੇ ਹੋਮਿਓਪੈਥਿਕ ਦੇ ਸਿਹਤ ਮਾਹਰਾਂ ਨੇ 530 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ। ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ।
ਮੀਂਹ ਦੇ ਦਿਨਾਂ ’ਚ ਵਧ ਗਏ ਫੰਗਲ ਇਨਫੈਕਸ਼ਨ ਦੇ ਮਰੀਜ਼
ਨੈਸ਼ਨਲ ਸਕਿਨ ਹਸਪਤਾਲ, ਮਨਸਾ ਦੇਵੀ ਕੰਪਲੈਕਸ ਦੇ ਚਮੜੀ ਦੇ ਮਾਹਰ ਡਾ. ਵਿਕਾਸ ਸ਼ਰਮਾ ਨੇ 50 ਦੇ ਕਰੀਬ ਚਮੜੀ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ। ਡਾ. ਵਿਕਾਸ ਨੇ ਦੱਸਿਆ ਕਿ ਕੈਂਪ ਦੌਰਾਨ ਆਉਣ ਵਾਲੇ ਜ਼ਿਆਦਾਤਰ ਮਰੀਜ਼ ਵਾਲ ਝੜਨ ਦੀ ਸਮੱਸਿਆ ਤੋਂ ਪੀੜਤ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਵਾਲਾਂ ਦੀ ਸਮੱਸਿਆ ਦਾ ਹੱਲ ਵਾਲ ਝੜਨ ਦੇ ਸਮੇਂ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਮਰੀਜ਼ ਨੂੰ ਗੰਜਾਪਣ ਵੀ ਹੋ ਸਕਦਾ ਹੈ। ਪੌਸ਼ਟਿਕ ਭੋਜਨ ਦਾ ਸੇਵਨ ਵੀ ਵਾਲਾਂ ਦੀ ਸਿਹਤ ਲਈ ਜ਼ਰੂਰੀ ਹੈ। ਕੈਂਪ ’ਚ ਫੰਗਲ ਇਨਫੈਕਸ਼ਨ ਤੋਂ ਪੀੜਤ ਮਰੀਜ਼ ਵੀ ਇਲਾਜ ਲਈ ਪਹੁੰਚੇ। ਡਾ. ਵਿਕਾਸ ਸ਼ਰਮਾ ਨੇ ਦੱਸਿਆ ਕਿ ਮੀਂਹ ਦੇ ਮੌਸਮ ’ਚ ਫੰਗਲ ਇਨਫੈਕਸ਼ਨ ਦੀ ਸਮੱਸਿਆ ਸਭ ਤੋਂ ਵੱਧ ਹੁੰਦੀ ਹੈ। ਮੌਸਮ ਦੀ ਸ਼ੁਰੂਆਤ ਦੇ ਨਾਲ ਜਦੋਂ ਹਵਾ ’ਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਬਿਮਾਰੀ ਫੈਲਣ ਲੱਗ ਜਾਂਦੀ ਹੈ। ਟ੍ਰਾਈਸਿਟੀ ’ਚ ਫੰਗਲ ਇਨਫੈਕਸ਼ਨ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ ਪੰਜ ਗੁਣਾ ਵੱਧ ਚੁੱਕੀ ਹੈ। ਇਨਫੈਕਸ਼ਨ ਹੋਣ ’ਤੇ ਮਰੀਜ਼ ਕੈਮਿਸਟ ਦੀ ਦੁਕਾਨ ਤੋਂ ਕੋਈ ਵੀ ਸਟੀਰੌਇਡ ਵਾਲੀ ਕਰੀਮ ਖ਼ਰੀਦ ਕੇ ਲਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਕਰੀਮ ਚਮੜੀ ਨੂੰ ਪਤਲਾ ਕਰ ਦਿੰਦੀ ਹੈ। ਮਰੀਜ਼ ਨੂੰ ਲੱਗਦਾ ਹੈ ਕਿ ਇਨਫੈਕਸ਼ਨ ਠੀਕ ਹੋ ਗਈ ਹੈ, ਜਦੋਂ ਕਿ ਇਹ ਬਿਮਾਰੀ ਨੂੰ ਸਿਰਫ਼ ਦਬਾਉਂਦੀ ਹੈ, ਖ਼ਤਮ ਨਹੀਂ ਕਰਦੀ। ਵੱਖ-ਵੱਖ ਕਿਸਮਾਂ ਦੀਆਂ ਦਵਾਈਆਂ ਦੀ ਵਰਤੋਂ ਕਾਰਨ ਇਹ ਫੰਗਲ ਇਨਫੈਕਸ਼ਨ ਜਿਹੀ ਨਹੀਂ ਲੱਗਦੀ, ਹਾਲਾਂਕਿ ਇਹ ਫੰਗਲ ਇਨਫੈਕਸ਼ਨ ਹੀ ਹੁੰਦੀ ਹੈ। ਛੋਟੇ ਬੱਚੇ ਅਤੇ ਬਜ਼ੁਰਗ ਵੀ ਇਸ ਸਮੱਸਿਆ ਨਾਲ ਪੀੜਤ ਹੋ ਰਹੇ ਹਨ। ਜਿਸ ਵਿਅਕਤੀ ਨੂੰ ਇਹ ਇਨਫੈਕਸ਼ਨ ਹੋਵੇ, ਉਸ ਨੂੰ ਆਪਣਾ ਤੌਲੀਆ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਲਾਗ ਪੂਰੇ ਪਰਿਵਾਰ ’ਚ ਫੈਲ ਜਾਵੇਗੀ। ਡਾ. ਵਿਕਾਸ ਨੂੰ ਉਨ੍ਹਾਂ ਦੀ ਸਹਿਯੋਗੀ ਟੀਮ ਫਾਰਮਾਸਿਸਟ ਅਤੇ ਨਰਸਾਂ ਨਿਸ਼ਾ ਅਤੇ ਸੋਨਿਕਾ ਨੇ ਵੀ ਸਹਿਯੋਗ ਦਿੱਤਾ। ਇਸ ਮੌਸਮ ’ਚ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਲੋਕਾਂ ਨੂੰ ਸੂਤੀ, ਖੁੱਲ੍ਹੇ ਅਤੇ ਹਵਾਦਾਰ ਕੱਪੜੇ ਪਾਉਣੇ ਚਾਹੀਦੇ ਹਨ।

PunjabKesari
ਦਿਲ ਦੇ ਮਰੀਜ਼ਾਂ ਦਾ ਤ੍ਰੇਹਨ ਨੇ ਕੀਤਾ ਇਲਾਜ
ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲਾਜੀ ਮਾਹਰ ਡਾ. ਮਨਜੀਤ ਸਿੰਘ ਤ੍ਰੇਹਨ ਨੇ ਦਿਲ ਦੇ ਮਰੀਜ਼ਾਂ ਦਾ ਚੈਕਅੱਪ ਕੀਤਾ। ਉਨ੍ਹਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੀ ਲੋੜ ਹੁੰਦੀ ਹੈ। ਬਲੱਡ ਪ੍ਰੈਸ਼ਰ ਵੱਧਣ ’ਤੇ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ। ਡਾ. ਤ੍ਰੇਹਨ ਨੇ ਕਿਹਾ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਸੈਰ ਅਤੇ ਕਸਰਤ ਵੀ ਜ਼ਰੂਰੀ ਹੈ। ਰੋਜ਼ਾਨਾ ਚਾਲੀ ਮਿੰਟ ਦੀ ਸੈਰ ਮਰੀਜ਼ ਨੂੰ ਤੰਦਰੁਸਤ ਰੱਖ ਸਕਦੀ ਹੈ। ਫੋਰਟਿਸ ਹਸਪਤਾਲ ਤੋਂ ਫਿਜ਼ੀਓਥੈਰੇਪੀ ਮਾਹਰ ਡਾ. ਪ੍ਰਿਅੰਕਾ ਨੇ ਫਿਜ਼ੀਓਥੈਰੇਪੀ ਵਾਲੇ ਮਰੀਜ਼ਾਂ ਦੀ ਜਾਂਚ ਕੀਤੀ। ਫੋਰਟਿਸ ਦੇ ਡਾਕਟਰਾਂ ਨੇ ਲਗਭਗ 100 ਮਰੀਜ਼ਾਂ ਦੀ ਜਾਂਚ ਕੀਤੀ।
PunjabKesari

ਪਾਰਸ ਹਸਪਤਾਲ ਦੇ ਆਰਥੋਪੀਡਿਕ ਮਾਹਰ ਨੇ ਦੇਖੇ ਹੱਡੀਆਂ ਦੇ ਮਰੀਜ਼
ਪਾਰਸ ਹਸਪਤਾਲ ਪੰਚਕੂਲਾ ਤੋਂ ਆਰਥੋਪੀਡਿਕ ਮਾਹਰ ਡਾ. ਰਵੀ ਗੁਪਤਾ ਨੇ ਹੱਡੀਆਂ ਦੀਆਂ ਸਮੱਸਿਆਵਾਂ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ। ਉਨ੍ਹਾਂ ਪਿੱਠ, ਗੋਡਿਆਂ, ਜੋੜਾਂ ਅਤੇ ਪੈਰਾਂ ਦੇ ਦਰਦ ਦੇ ਇਲਾਜ ਲਈ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ’ਚ ਹੱਥਾਂ ਦੀਆਂ ਨਸਾਂ ਦੇ ਦਰਦ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਮਰੀਜ਼ਾਂ ਨੇ ਵੀ ਸ਼ਮੂਲੀਅਤ ਕੀਤੀ। ਪਾਰਸ ਹਸਪਤਾਲ ਤੋਂ ਫਿਜ਼ੀਸ਼ੀਅਨ ਡਾ. ਪ੍ਰਦੀਪ ਅਤੇ ਡਾਈਟੀਸ਼ੀਅਨ ਡਾ. ਪੂਜਾ ਗੁਪਤਾ ਨੇ ਵੀ ਸਰੀਰ ਦੀ ਕਮਜ਼ੋਰੀ, ਹਾਈ ਬਲੱਡ ਪ੍ਰੈਸ਼ਰ ਅਤੇ ਗੁਰਦਿਆਂ ਦੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਸਿਹਤ ਅਤੇ ਖ਼ੁਰਾਕ ਸੰਬੰਧੀ ਕੌਂਸਲਿੰਗ ਦਿੱਤੀ। ਪਾਰਸ ਹਸਪਤਾਲ ਦੇ ਡਾਕਟਰਾਂ ਨੇ 80 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ।
PunjabKesari

ਦੰਦਾਂ ਦੇ ਮਰੀਜ਼ਾਂ ਨੇ ਡੈਂਟਲ ਵੈਨ ’ਚ ਕਰਵਾਏ ਪ੍ਰੋਸੀਜਰ
ਸ੍ਰੀ ਸੁਖਮਨੀ ਡੈਂਟਲ ਕਾਲਜ ਐਂਡ ਹਸਪਤਾਲ ਡੇਰਾਬਸੀ ਤੋਂ ਡਾ. ਰਮਨ ਸੋਹੀ ਦੀ ਅਗਵਾਈ ਹੇਠ ਦੰਦਾਂ ਦੇ ਮਾਹਰਾਂ ਦੀ ਟੀਮ ’ਚ ਡਾ. ਪਰਮਿੰਦਰ, ਡਾ. ਹਰਪ੍ਰੀਤ ਪਾਲ, ਡਾ. ਵਿਯਾਤ, ਡਾ. ਅੰਸ਼ਿਕਾ, ਡਾ. ਜਾਨਵੀ, ਡਾ. ਡੋਨਾ, ਡਾ. ਜਸਲੀਨ, ਡਾ. ਹੈਰਲ, ਡਾ. ਕੇਸ਼ਵ, ਡਾ. ਅਲੈਕਸ, ਡਾ. ਨੇਹਾ ਨੇ ਦੰਦਾਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ। ਕੈਂਪ ਦੌਰਾਨ 90 ਦੇ ਕਰੀਬ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਡਾ. ਰਮਨ ਸੋਹੀ ਨੇ ਦੱਸਿਆ ਕਿ ਕੈਂਪ ਦੌਰਾਨ ਦੰਦਾਂ ’ਚ ਕੀੜੇ ਦੀ ਸਮੱਸਿਆ ਤੋਂ ਪੀੜਤ ਮਰੀਜ਼ ਇਲਾਜ ਲਈ ਆਏ। ਕੁਝ ਮਰੀਜ਼ਾਂ ਦੇ ਦੰਦਾਂ ’ਚ ਇਨਫੈਕਸ਼ਨ ਵੀ ਸੀ। ਕੁਝ ਮਰੀਜ਼ ਆਪਣੇ ਦੰਦਾਂ ’ਚ ਉਭਰੀ ਖਾਲੀ ਥਾਂ ਦੀ ਫਿਲਿੰਗ ਲਈ ਆਏ ਸਨ। ਕੈਂਪ ਦੌਰਾਨ ਦੰਦਾਂ ਦੇ ਪੀਲੇਪਨ ਦਾ ਵੀ ਇਲਾਜ ਕੀਤਾ ਗਿਆ। ਡੈਂਟਲ ਕਾਲਜ ਦੀ ਵੈਨ ’ਚ ਮਰੀਜ਼ਾਂ ਦੇ ਸੰਕਰਮਿਤ ਦੰਦ ਵੀ ਕੱਢੇ ਗਏ, ਦੰਦਾਂ ਦੇ ਕੀੜੇ ਦੀ ਸਫ਼ਾਈ ਤੋਂ ਬਾਅਦ ਫਿਲਿੰਗ ਅਤੇ ਸਕੇਲਿੰਗ ਦੇ ਪ੍ਰੋਸੀਜਰ ਵੀ ਕੀਤੇ ਗਏ।
ਔਰਤਾਂ ਨੇ ਹਾਰਮੋਨਸ ਦੇ ਅਸੰਤੁਲਨ ਬਾਰੇ ਲਈ ਸਲਾਹ
ਇਸਤਰੀ ਰੋਗਾਂ ਦੇ ਮਾਹਰ ਡਾ. ਗੀਤਾ ਜੋਸ਼ੀ ਨੇ ਕੈਂਪ ਦੌਰਾਨ ਇਸਤਰੀ ਰੋਗ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਮਰੀਜ਼ਾਂ ਦਾ ਮੁਆਇਨਾ ਕਰ ਕੇ ਕੀਤਾ। ਕੈਂਪ ’ਚ 50 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਔਰਤਾਂ ਇੱਥੇ ਬਾਂਝਪਨ, ਹਾਰਮੋਨਲ ਅਸੰਤੁਲਨ, ਬੱਚੇਦਾਨੀ ’ਚ ਫਾਈਬਰੋਇਡ, ਮਾਹਵਾਰੀ ਦੌਰਾਨ ਦਰਦ, ਬਹੁਤ ਜ਼ਿਆਦਾ ਖੂਨ ਵਹਿਣਾ, ਓਵਰੀ ’ਚ ਸਿਸਟ ਦੇ ਇਲਾਜ ਲਈ ਆਈਆਂ ਸਨ। ਡਾ. ਗੀਤਾ ਜੋਸ਼ੀ ਨੇ ਕਿਹਾ ਕਿ ਅਜੋਕੇ ਸਮੇਂ ’ਚ ਔਰਤਾਂ ਨੂੰ ਘਰ ਅਤੇ ਨੌਕਰੀ ਦੋਵੇਂ ਥਾਵਾਂ ਦੀ ਜ਼ਿੰਮੇਵਾਰੀਆਂ ਨੂੰ ਸੰਭਾਲਣਾ ਪੈਂਦਾ ਹੈ। ਅਜਿਹੇ ’ਚ ਔਰਤਾਂ ਤਣਾਅ ’ਚ ਵੀ ਆ ਰਹੀਆਂ ਹਨ, ਉਹ ਖਾਣ-ਪੀਣ ਦਾ ਧਿਆਨ ਨਹੀਂ ਰੱਖਦੀਆਂ ਅਤੇ ਪੋਸ਼ਕ ਤੱਤਾਂ ਦੀ ਕਮੀ ਕਾਰਨ ਸਰੀਰ ’ਚ ਕਮਜ਼ੋਰੀ ਦਾ ਸਾਹਮਣਾ ਵੀ ਕਰ ਰਹੀਆਂ ਹਨ। ਅਜਿਹੀ ਸਥਿਤੀ ’ਚ ਕੁਝ ਔਰਤਾਂ ’ਚ ਹਾਰਮੋਨ ਦਾ ਬਹੁਤ ਜ਼ਿਆਦਾ ਸਤਰਾਵ ਹੋ ਜਾਂਦਾ ਹੈ ਅਤੇ ਕੁਝ ਮਰੀਜ਼ਾਂ ਵਿਚ ਹਾਰਮੋਨਸ ਦਾ ਸਤਰਾਵ ਬਿਲਕੁਲ ਘੱਟ ਜਾਂਦਾ ਹੈ। ਅਜਿਹੀਆਂ ਔਰਤਾਂ ਵੀ ਸਨ, ਜਿਨ੍ਹਾਂ ਨੂੰ ਮਾਹਵਾਰੀ ਨਾ ਆਉਣ ਦੀ ਸਮੱਸਿਆ ਸੀ ਤਾਂ ਕੁਝ ਨੂੰ ਗੁਪਤਅੰਗ ਦੇ ਸੰਕਰਮਣ ਕਾਰਨ ਪੇਟ ਦਰਦ ਸੀ, ਕੁਝ ’ਚ ਖ਼ੂਨ ਦੀ ਕਮੀ ਵੇਖਣ ਨੂੰ ਮਿਲੀ। ਡਾ. ਗੀਤਾ ਨੇ ਕਿਹਾ ਕਿ ਔਰਤਾਂ ਨੂੰ ਚੰਗਾ ਅਤੇ ਪੌਸ਼ਟਿਕ ਭੋਜਨ ਖਾਣ ਤੋਂ ਇਲਾਵਾ ਨਿਯਮਤ ਕਸਰਤ ਦੀ ਲੋੜ ਹੁੰਦੀ ਹੈ। ਔਰਤਾਂ ਨੂੰ ਸਰੀਰ ਨੂੰ ਡੀਟੌਕਸ ਕਰਨ ਲਈ ਦਿਨ ’ਚ ਘੱਟ ਤੋਂ ਘੱਟ ਤਿੰਨ ਲਿਟਰ ਪਾਣੀ ਪੀਣਾ ਚਾਹੀਦਾ ਹੈ। ਕੈਂਪ ’ਚ 50 ਤੋਂ ਵੱਧ ਗਾਇਨੀਕੋਲਾਜੀ ਦੇ ਮਰੀਜ਼ਾਂ ਨੂੰ ਦੇਖਿਆ ਗਿਆ।
ਗ਼ਲਤ ਖਾਣ-ਪੀਣ ਨੇ ਵਧਾਏ ਪੇਟ ਦੇ ਮਰੀਜ਼, ਹੋਮਿਓਪੈਥੀ ਤੋਂ ਲਿਆ ਇਲਾਜ
ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-26 ਵੱਲੋਂ ਕਰਵਾਏ ਹੋਮਿਓਪੈਥੀ ਕੈਂਪ ਦੌਰਾਨ 50 ਦੇ ਕਰੀਬ ਮਰੀਜ਼ਾਂ ਨੇ ਪੇਟ ਦਰਦ, ਛਾਤੀ ’ਚ ਜਲਨ, ਚਮੜੀ ਦੇ ਰੋਗ, ਸਾਹ ਦੀਆਂ ਸਮੱਸਿਆਵਾਂ ਲਈ ਸਲਾਹ-ਮਸ਼ਵਰਾ ਪ੍ਰਾਪਤ ਕੀਤਾ। ਹੋਮਿਓਪੈਥਿਕ ਮਾਹਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਜੀਵਨ ਸ਼ੈਲੀ ’ਚ ਗੜਬੜੀ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਮਰੀਜ਼ਾਂ ਨੂੰ ਪਾਚਨ ਅਤੇ ਪੇਟ ਦਰਦ ਦੀ ਸਮੱਸਿਆ ਆ ਰਹੀ ਹੈ। ਲੋਕਾਂ ਨੇ ਪੀਜ਼ਾ, ਬਰਗਰ ਅਤੇ ਸਮੋਸੇ ਖਾ ਕੇ ਆਪਣੀ ਸਿਹਤ ਨਾਲ ਖਿਲਵਾੜ ਕੀਤਾ ਹੈ। ਲੋਕਾਂ ਨੂੰ ਪੌਸ਼ਟਿਕ ਭੋਜਨ ਖਾਣ ਦੀ ਸਲਾਹ ਦਿੱਤੀ ਗਈ ਅਤੇ ਹੋਮਿਓਪੈਥਿਕ ਦਵਾਈਆਂ ਵੀ ਵੰਡੀਆਂ ਗਈਆਂ। ਹੋਮਿਓਪੈਥੀ ਕੈਂਪ ਦੌਰਾਨ ਡਾ. ਅਮਨਦੀਪ ਕੌਰ ਤੋਂ ਇਲਾਵਾ ਡਾ. ਸਲੋਨੀ ਨੇ ਵੀ ਮਰੀਜ਼ਾਂ ਦਾ ਚੈਕਅੱਪ ਕੀਤਾ ਜਦਕਿ ਇੰਟਰਨ ਡਾਕਟਰ ਅਭਿਲੀਨ ਅਤੇ ਚਿਰਾਂਜਲੀ ਨੇ ਵੀ ਮਰੀਜ਼ਾਂ ਨੂੰ ਦੇਖਿਆ ਤੇ ਡਿਸਪੈਂਸਰ ਸੁਮਿਤ ਨੇ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਵੰਡੀਆਂ।


author

Babita

Content Editor

Related News