ਮਕੈਨੀਕਲ ਇੰਜੀਨੀਅਰ ਸਮੱਗਲਰ ਦੇ ਮੋਬਾਇਲ ਤੋਂ ਮਿਲੇ ਭਾਰਤੀ ਸਮੱਗਲਰਾਂ ਦੇ ਲਿੰਕ

10/14/2019 12:54:42 PM

ਜਲੰਧਰ (ਜ.ਬ.)—15 ਕਰੋੜ ਦੀ ਹੈਰੋਇਨ ਨਾਲ ਫੜੇ ਗਏ ਸਮੱਗਲਰ ਚਰਨਜੀਤ ਸਿੰਘ ਚੰਨਾ ਤੋਂ ਭਾਰਤੀ ਸਮੱਗਲਰਾਂ ਦੇ ਲਿੰਕ ਮਿਲੇ ਹਨ। ਮਕੈਨਿਕ ਇੰਜੀਨੀਅਰ ਚੰਨਾ ਤੋਂ ਹੁਣ ਸੀ. ਆਈ. ਏ. ਸਟਾਫ-1 ਦੀ ਟੀਮ ਪੈਸਿਆਂ ਦੇ ਲੈਣ-ਦੇਣ ਦੇ ਬਾਰੇ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਭਾਰਤੀ ਸਮੱਗਲਰਾਂ ਨਾਲ ਲਿੰਕ ਚੰਨੇ ਦੇ ਮੋਬਾਇਲ ਤੋਂ ਮਿਲੇ ਹਨ, ਜਿਸ 'ਤੇ ਉਹ ਹਮੇਸ਼ਾ ਗੱਲਾਂ ਕਰਦਾ ਸੀ।

ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪੈਸਿਆਂ ਬਾਰੇ ਚੰਨਾ ਤੋਂ ਪੁੱਛਗਿੱਛ ਕੀਤੀ ਗਈ ਪਰ ਉਹ ਅਜੇ ਸਹੀ ਜਾਣਕਾਰੀ ਨਹੀਂ ਦੇ ਰਿਹਾ। ਉਨ੍ਹਾਂ ਨੇ ਕਿਹਾ ਕਿ ਚੰਨਾ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੈਸਿਆਂ ਦੇ ਲੈਣ-ਦੇਣ ਦਾ ਢੰਗ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਜਿਸ ਗਰਮ ਜੁਰਾਬ 'ਚ ਹੈਰੋਇਨ ਦੇ ਪੈਕੇਟ ਪਾ ਕੇ ਪਾਕਿਸਤਾਨ ਵੱਲੋਂ ਭਾਰਤੀ ਹੱਦ 'ਚ ਸੁੱਟੇ ਜਾਂਦੇ ਹਨ, ਉਹ ਵੀ ਜ਼ਬਤ ਕੀਤੇ ਹਨ। ਚੰਨਾ ਨੂੰ ਪੁਲਸ ਨੇ ਪੁੱਛਗਿੱਛ ਲਈ 6 ਦਿਨਾਂ ਦੇ ਰਿਮਾਂਡ 'ਤੇ ਲਿਆ ਹੋਇਆ ਹੈ।
ਦੱਸ ਦੇਈਏ ਕਿ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਚੰਨਾ ਨੂੰ ਵਡਾਲਾ ਚੌਕ ਤੋਂ ਕਾਬੂ ਕੀਤਾ ਸੀ। ਉਹ ਆਪਣੇ ਪਿਤਾ ਮੱਖਣ ਸਿੰਘ ਨੂੰ ਇਸ ਕੇਸ 'ਚ ਜ਼ਮਾਨਤ ਦਿਵਾਉਣ ਲਈ ਆਪਣੇ ਰਿਸ਼ਤੇਦਾਰਾਂ ਦੇ ਨਾਲ ਵਕੀਲ ਨੂੰ ਮਿਲਣ ਆ ਰਿਹਾ ਸੀ। ਪੁਲਸ ਨੇ ਚੰਨਾ ਦੀ ਨਿਸ਼ਾਨਦੇਹੀ 'ਤੇ ਫਿਰੋਜ਼ਪੁਰ ਸਥਿਤ ਬਾਰਡਰ ਪੈਂਦੇ ਉਸ ਦੇ ਖੇਤਾਂ ਦੇ ਨਾਲ ਲੱਗਦੇ ਖੇਤਾਂ 'ਚੋਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਜਦਕਿ ਘਰ 'ਚੋਂ 2 ਲੱਖ ਰੁਪਏ ਦੀ ਡਰੱਗ ਮਨੀ ਮਿਲੀ ਸੀ।

ਚੰਨਾ ਦੇ ਬੈਂਕ ਖਾਤੇ ਅਤੇ ਪ੍ਰਾਪਰਟੀ ਵੀ ਖੰਗਾਲੇਗੀ ਪੁਲਸ
ਪੁਲਸ ਹੁਣ ਚੰਨਾ ਅਤੇ ਉਸ ਦੇ ਪਿਤਾ ਦੇ ਬੈਂਕ ਅਕਾਊਂਟਸ ਤੇ ਪ੍ਰਾਪਰਟੀ ਨੂੰ ਵੀ ਖੰਗਾਲੇਗੀ। ਪੁਲਸ ਨੂੰ ਸ਼ੱਕ ਹੈ ਕਿ 5-6 ਮਹੀਨੇ 'ਚ ਚੰਨਾ ਨੇ ਕਈ ਵਾਰ ਪਾਕਿਸਤਾਨ ਤੋਂ ਹੈਰੋਇਨ ਮੰਗਵਾਈ ਅਤੇ ਉਸ ਨੂੰ ਵੇਚ ਕੇ ਇਕੱਠੀ ਕੀਤੀ ਡਰੱਗ ਮਨੀ ਨੂੰ ਬੈਂਕ ਖਾਤੇ 'ਚ ਪਾਇਆ ਹੋਵੇਗਾ ਜਾਂ ਫਿਰ ਡਰੱਗ ਮਨੀ ਨਾਲ ਪ੍ਰਾਪਰਟੀ ਵੀ ਬਣਾਈ ਹੋਵੇਗੀ। ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਹਰ ਇਕ ਐਂਗਲ ਤੋਂ ਜਾਂਚ ਕੀਤੀ ਜਾਵੇਗੀ। ਜੇਕਰ ਡਰੱਗ ਮਨੀ ਨਾਲ ਕੋਈ ਪ੍ਰਾਪਰਟੀ ਬਣਾਈ ਗਈ ਤਾਂ ਉਸ ਨੂੰ ਵੀ ਅਟੈਚ ਕੀਤਾ ਜਾਵੇਗਾ।


shivani attri

Content Editor

Related News