ਇਤਿਹਾਸਕ ਸ਼ਹਿਰ ’ਚ ਮੀਟ ਮਾਰਕੀਟ ਬਾਹਰ ਕੱਢਣ ਦਾ ਮਾਮਲਾ ਗਰਮਾਇਆ, ਲੋਕਾਂ ਦੀ ਪ੍ਰਸ਼ਾਸਨ ਅੱਗੇ ਗੁਹਾਰ

Tuesday, Nov 29, 2022 - 05:54 PM (IST)

ਮਾਛੀਵਾੜਾ ਸਾਹਿਬ (ਟੱਕਰ) : ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਖਾਲਸਾ ਚੌਂਕ ਨੇੜੇ ਵੱਧਦੀ ਜਾ ਰਹੀ ਮੀਟ ਮਾਰਕੀਟ ਨੂੰ ਬਾਹਰ ਕੱਢਣ ਲਈ ਲੋਕ ਅਤੇ ਸਿੱਖ ਜਥੇਬੰਦੀਆਂ ਗੰਭੀਰ ਦਿਖਾਈ ਦੇ ਰਹੀਆਂ ਹਨ ਅਤੇ ਇਹ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ ਪਰ ਪ੍ਰਸ਼ਾਸਨ ਕੋਲ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਲੋਕਾਂ ਦੀ ਕੋਈ ਸੁਣਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਮੀਟ ਮਾਰਕੀਟ ਨੇੜੇ ਮੀਆਂ ਮੁਹੱਲਾ ਨਿਵਾਸੀ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਕੁਝ ਦਿਨ ਪਹਿਲਾਂ ਇਸ ਮਾਰਕੀਟ ਨੂੰ ਬਾਹਰ ਕਢਵਾਉਣ ਲਈ ਨਗਰ ਕੌਂਸਲ ਤੇ ਐੱਸ. ਡੀ. ਐੱਮ. ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਪੁਲਸ ਨੂੰ ਵੀ ਦਰਖਾਸਤ ਦਿੱਤੀ ਕਿ ਇੱਥੇ ਦੇਰ ਸ਼ਾਮ ਸ਼ਰਾਬੀ ਹਾਲਤ ਵਿਚ ਲੋਕ ਹੁੱਲੜਬਾਜ਼ੀ ਕਰਕੇ ਲੋਕਾਂ ਨਾਲ ਝਗੜਦੇ ਹਨ। ਇਹ ਮੰਗ ਪੱਤਰ ਦਿੱਤੇ ਨੂੰ ਕਈ ਦਿਨ ਬੀਤ ਗਏ ਪਰ ਲੋਕਾਂ ਦੀ ਕੋਈ ਸੁਣਵਾਈ ਨਾ ਹੋਈ। ਅੱਜ ਫਿਰ ਮੀਆਂ ਮੁਹੱਲਾ ਦੇ ਨਿਵਾਸੀ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਰੋਸ ਧਰਨਾ ਦੇਣ ਲਈ ਪੁੱਜੇ ਜਿਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੀਟ ਮਾਰਕੀਟ ਨੂੰ ਬੰਦ ਕਰਵਾਇਆ ਜਾਵੇ। ਇੱਥੇ ਵੀ ਪ੍ਰਧਾਨ ਸੁਰਿੰਦਰ ਕੁੰਦਰਾ ਵਲੋਂ ਉਨ੍ਹਾਂ ਦੀ ਗੱਲ ਤਾਂ ਜ਼ਰੂਰ ਸੁਣੀ ਪਰ ਕੋਈ ਠੋਸ ਹੱਲ ਨਾ ਨਿਕਲਿਆ।

ਰੋਸ ਧਰਨੇ ਵਿਚ ਸ਼ਾਮਲ ਗਨੀ ਖਾਂ ਨਬੀ ਖਾਂ ਸੇਵਾ ਸੁਸਾਇਟੀ ਦੇ ਪ੍ਰਧਾਨ ਬਾਬਾ ਮੋਹਣ ਸਿੰਘ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਮੀਆਂ ਮੁਹੱਲਾ ਵਾਸੀ ਡਾਇਰੈਕਟਰ ਗੁਰਮੁਖ ਦੀਪ, ਰਜਿੰਦਰ ਸਿੰਘ ਸਹਾਰਨ, ਵਿਕਾਸ ਸ਼ਰਮਾ, ਮੇਜਰ ਸੂਬੇਦਾਰ ਜੋਗਿੰਦਰ ਸਿੰਘ, ਰਣਜੀਤ ਸਿੰਘ ਬਵੇਜਾ, ਹਰਿੰਦਰਪਾਲ ਸਿੰਘ ਖੁਰਾਣਾ, ਮਨਦੀਪ ਕੌਰ ਸਹਾਰਨ, ਪਰਮਜੀਤ ਕੌਰ ਗਿੱਲ, ਸੁਰਿੰਦਰਪਾਲ ਕੌਰ, ਬਲਬੀਰ ਕੌਰ, ਸੁਖਪ੍ਰੀਤ ਸਿੰਘ, ਗੁਰਮੁਖ ਸਿੰਘ ਸੈਂਭੀ, ਅਮਰਜੀਤ ਸਿੰਘ ਸਹਾਰਨ,  ਨੇ ਦੱਸਿਆ ਕਿ ਦਸੰਬਰ ਮਹੀਨੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿਚ ਹਰ ਸਾਲ ਮਾਛੀਵਾੜਾ ਵਿਖੇ ਸ਼ਹੀਦੀ ਜੋੜ ਮੇਲ ਲੱਗਦਾ ਹੈ ਜਿੱਥੇ ਲੱਖਾਂ ਦੀ ਗਿਣਤੀ ’ਚ ਦੂਰ-ਦੁਰਾਡੇ ਤੋਂ ਸੰਗਤਾਂ ਆਉਂਦੀਆਂ ਹਨ ਅਤੇ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਵੀ ਪੁੱਜਦੇ ਹਨ ਪਰ ਜਦੋਂ ਖਾਲਸਾ ਚੌਂਕ ਨੇੜੇ ਸੰਗਤ ਪੁੱਜਦੀ ਹੈ ਤਾਂ ਇੱਥੇ ਫੈਲੀ ਮੀਟ ਮਾਰਕੀਟ ਦੀ ਬਦਬੂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਉਕਤ ਆਗੂਆਂ ਨੇ ਦੱਸਿਆ ਕਿ ਮੀਟ ਮਾਰਕੀਟ ਵਧਦੀ ਜਾਂਦੀ ਹੈ, ਮੀਟ ਦੀਆਂ ਰੇਹੜੀਆਂ ਸੜਕਾਂ ’ਤੇ ਖੜਨ ਕਾਰਨ ਲੋਕਾਂ ਨੂੰ ਲੰਘਣ ਵਿਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ। ਹੋਰ ਤਾਂ ਹੋਰ ਮੀਟ ਦੀਆਂ ਦੁਕਾਨਾਂ ਵਾਲੇ ਬੱਕਰੇ, ਸੂਰਾਂ ਨੂੰ ਦੁਕਾਨਾਂ ਦੇ ਬਾਹਰ ਟੰਗ ਕੇ ਸ਼ਾਕਾਹਾਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਰੋਸ ਧਰਨੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮਾਛੀਵਾੜਾ ਜੋੜ ਮੇਲ ਤੋਂ ਪਹਿਲਾਂ ਮੀਟ ਮਾਰਕੀਟ ਨੂੰ ਸ਼ਹਿਰ ’ਚੋਂ ਬਾਹਰ ਨਾ ਕੱਢਿਆ ਤਾਂ ਉਹ ਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ਼ ਸੜਕਾਂ ’ਤੇ ਧਰਨੇ ਲਗਾਉਣਗੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

ਵਿਧਾਇਕ ਤੇ ਐੱਸ. ਡੀ. ਐੱਮ. ਮੇਰਾ ਸਾਥ ਦੇਵੇ, ਤਾਂ ਹੀ ਮੀਟ ਮਾਰਕੀਟ ਬਾਹਰ ਨਿਕਲ ਸਕਦੀ : ਕੁੰਦਰਾ

ਅੱਜ ਜਦੋਂ ਮੀਟ ਮਾਰਕੀਟ ਤੋਂ ਦੁਖੀ ਲੋਕ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਕੋਲ ਪੁੱਜੇ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਢੇ 4 ਸਾਲ ਤੋਂ ਮੀਟ ਮਾਰਕੀਟ ਨੂੰ ਬਾਹਰ ਕੱਢਣ ਦੀਆਂ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ। ਪ੍ਰਧਾਨ ਕੁੰਦਰਾ ਨੇ ਧਰਨਾਕਾਰੀਆਂ ਨੂੰ ਆਪਣੇ ਤੋਂ ਖੈਹਿੜਾ ਛੁਡਵਾ ਕੇ ਐੱਸਡੀਐੱਮ ਵੱਲ ਨੂੰ ਤੋਰ ਦਿੱਤਾ ਅਤੇ ਕਿਹਾ ਕਿ ਜੇਕਰ ਸਮਰਾਲਾ ਸਬ-ਡਵੀਜ਼ਨ ਦਾ ਪ੍ਰਸ਼ਾਸਨ, ਹਲਕਾ ਸਮਰਾਲਾ ਦੇ ਮੌਜੂਦਾ ਵਿਧਾਇਕ ਮੇਰਾ ਸਾਥ ਦੇਣ ਤਾਂ ਇਹ ਮੀਟ ਮਾਰਕੀਟ ਬਾਹਰ ਨਿਕਲ ਸਕਦੀ ਹੈ। 

ਲੋਕਾਂ ਦੀਆਂ ਸਮੱਸਿਆ ਸੁਣ ਜਲਦ ਇਸਦਾ ਹੱਲ ਕੱਢਾਂਗਾ : ਵਿਧਾਇਕ

ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਹ ਫਿਲਹਾਲ ਵਿਧਾਨ ਸਭਾ ਚੋਣਾਂ ਲਈ ਗੁਜਰਾਤ ਆਏ ਹੋਏ ਹਨ ਅਤੇ ਜਲਦ ਹੀ ਮੀਟ ਮਾਰਕੀਟ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਅਤੇ ਇਸਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦੀ ਇੱਛਾ ਹੋਵੇਗੀ ਉਸ ਅਨੁਸਾਰ ਮੀਟ ਮਾਰਕੀਟ ਨੂੰ ਸ਼ਹਿਰ ’ਚੋਂ ਬਾਹਰ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ।


Gurminder Singh

Content Editor

Related News