ਲਾਲ ਖੂਨ ਹੋਇਆ ਚਿੱਟਾ : ਲਾਲਚ ਦੇ ਪਿੱਛੇ ਰਿਸ਼ਤਿਆਂ ''ਚ ਚੱਲ ਰਹੀਆਂ ਹਨ ਗੋਲੀਆਂ

01/17/2020 4:23:26 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੁਰਾਣੇ ਸਮੇਂ 'ਚ ਇਕੱਠੇ ਰਹਿੰਦੇ ਪਰਿਵਾਰਾਂ 'ਚ ਮੋਹ ਮੁਹੱਬਤ ਤੇ ਪਿਆਰ ਦੀਆਂ ਤੰਦਾਂ ਗੂੜੀਆਂ ਹੁੰਦੀਆਂ ਸਨ। ਰਿਸ਼ਤਿਆਂ 'ਚ ਪੂਰੀ ਮਿਠਾਸ ਹੁੰਦੀ ਸੀ ਅਤੇ ਇਕ ਘਰ 'ਚ ਕਈ-ਕਈ ਮੈਂਬਰ ਰਹਿੰਦੇ ਸਨ। ਸਮਾਂ ਬੀਤ ਜਾਣ ਕਾਰਨ ਹੁਣ ਕੁਝ ਵੀ ਅਜਿਹਾ ਨਹੀਂ ਰਿਹਾ, ਕਿਉਂਕਿ ਕਈ ਥਾਵਾਂ 'ਤੇ ਰਿਸ਼ਤਿਆਂ 'ਚ ਵੱਡੀਆਂ ਤਰੇੜਾਂ ਆ ਚੁੱਕੀਆਂ ਹਨ। ਇਨ੍ਹਾਂ ਤਰੇੜਾਂ ਕਾਰਨ ਬਹੁਤ ਸਾਰੇ ਘਰ ਅਤੇ ਰਿਸ਼ਤੇ ਟੁੱਟ ਰਹੇ ਹਨ। ਲੋਕਾਂ 'ਚ ਜ਼ਮੀਨ-ਜਾਇਦਾਦਾਂ ਅਤੇ ਪੈਸੇ ਦਾ ਲਾਲਚ ਬਹੁਤ ਵਧ ਗਿਆ ਹੈ, ਜਿਸ ਕਾਰਨ ਲੋਕ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਲਾਲ ਖੂਨ ਦਾ ਰੰਗ ਸਫੇਦ ਹੋ ਗਿਆ। ਲਾਲਚ ਦੇ ਪਿੱਛੇ ਪਰਿਵਾਰ ਦੇ ਮੈਂਬਰ ਗੋਲੀਆਂ ਚੱਲਾ ਰਹੇ ਹਨ। ਪੁੱਤ, ਮਾਂ-ਪਿਉ ਨੂੰ ਮਾਰ ਰਹੇ ਹਨ। ਮਾਂ-ਪਿਉ, ਧੀਆਂ-ਪੁੱਤਾਂ ਨੂੰ ਮਾਰ ਰਹੇ ਹਨ। ਪਤੀ ਆਪਣੀਆਂ ਪਤਨੀਆਂ ਅਤੇ ਪਤਨੀਆਂ ਆਪਣੇ ਪਤੀਆਂ ਨੂੰ ਮਾਰ ਰਹੀਆਂ ਹਨ। ਚਾਚੇ ਤਾਏ, ਮਾਮੇ-ਮਾਸੜ, ਫੁੱਫੜ-ਭੂਆ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ, ਭੈਣਾਂ, ਭਰਾਵਾਂ ਦਾ ਰਿਸ਼ਤਾ ਸਭ ਪਾਸੇ ਚੰਗਾ ਨਹੀਂ।  

ਮਤਲਬ ਦੇ ਰਿਸ਼ਤੇ 
ਅਜੌਕੇ ਸਮੇਂ 'ਚ ਮਤਲਬ ਦੇ ਰਿਸ਼ਤੇ ਹੀ ਰਹਿ ਗਏ ਹਨ। ਲੋਕ ਇਕ ਦੂਜੇ ਨੂੰ ਮਾਰ ਕੇ ਜੇਲਾਂ 'ਚ ਜਾ ਰਹੇ ਹਨ ਪਰ ਜ਼ਮੀਨਾਂ-ਜਾਇਦਾਦਾਂ ਸਭ ਇਥੇ ਹੀ ਰਹਿ ਜਾਂਦੀਆਂ ਹਨ। ਪਰਿਵਾਰਾਂ ਦੇ ਤਬਾਹ ਹੋਣ ਨਾਲ ਬਹੁਤ ਸਾਰੇ ਬੱਚੇ ਰੁੱਲ ਰਹੇ ਜਾਂਦੇ ਹਨ। ਥਾਣਿਆਂ, ਕਚਹਿਰੀਆਂ ਅਤੇ ਜੇਲਾਂ ਦੇ ਚੱਕਰਾਂ 'ਚ ਲੋਕ ਫਸ ਕੇ ਰਹਿ ਜਾਂਦੇ ਹਨ। ਤਰੀਕਾਂ 'ਤੇ ਤਰੀਕਾਂ ਪੈ ਰਹੀਆਂ ਹਨ।  

ਕੀ ਕਹਿਣਾ ਹੈ ਸਮਾਜ ਸੇਵਕਾਂ ਦਾ 
ਜ਼ਮੀਨਾਂ-ਜਾਇਦਾਦਾਂ 'ਤੇ ਪੈਸੇ ਨੂੰ ਲੈ ਕੇ ਰਿਸ਼ਤਿਆਂ 'ਚ ਜੋ ਤਰੇੜ ਪੈ ਆ ਰਹੀਆਂ ਹਨ, ਉਸ ਨਾਲ ਲੋਕ ਸਵਾਰਥੀ ਹੁੰਦੇ ਜਾ ਰਹੇ ਹਨ। ਸਮਾਜ ਸੇਵਾ ਦੇ ਖੇਤਰ 'ਚ ਵਿਚਰ ਰਹੇ ਕੁਝ ਜਿੰਮੇਵਾਰ ਵਿਅਕਤੀਆਂ ਨਾਲ ਜਦੋਂ 'ਜਗ ਬਾਣੀ' ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਾਡੇ ਸਮਾਜ ਲਈ ਘਾਤਕ ਸਾਬਤ ਹੋ ਰਿਹਾ। ਇਹ ਵਿਸ਼ਾ ਸਭ ਤੋਂ ਵੱਧ ਚਿੰਤਾ ਵਾਲਾ ਮਸਲਾ ਹੈ। ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦੇ ਕਨਵੀਨਰ ਡਾ. ਨਰੇਸ਼ ਪਰੂਥੀ, ਸਿੱਖਿਆ ਖੇਤਰ ਤੇ ਕਲਾਕਾਰੀ ਨਾਲ ਜੁੜੇ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ, ਨਹਿਰੂ ਯੁਵਾ ਕੇਂਦਰ ਸੰਗਠਨ ਹਿਮਾਚਲ ਪ੍ਰਦੇਸ਼ ਦੇ ਡਿਪਟੀ ਡਾਇਰੈਕਟਰ ਜਗਜੀਤ ਮਾਨ, ਮੁੱਖ ਅਧਿਆਪਕ ਨਵਦੀਪ ਸੁੱਖੀ, ਔਰਤ ਤੇ ਬੱਚਾ ਭਲਾਈ ਸੰਸਥਾ ਦੀ ਚੇਅਰਪਰਸਨ ਹਰਗੋਬਿੰਦ ਕੌਰ ਆਦਿ ਨੇ ਕਿਹਾ ਕਿ ਲਾਲਚ ਦੇ ਪਿੱਛੇ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ। ਇਸ ਨਾਲ ਰਿਸ਼ਤੇ ਤਾਂ ਖਤਮ ਹੁੰਦੇ ਹੀ ਹਨ, ਨਾਲ ਹੀ ਸਮਾਜ ਦਾ ਤਾਣਾ ਬਾਣਾ ਵੀ ਖਰਾਬ ਹੁੰਦਾ ਹੈ। ਜਿੰਦਗੀ 'ਚ ਇਕ ਖੜੋਤ ਆ ਜਾਂਦੀ ਹੈ। ਇਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਨਾ ਲਈ ਮੋਹ ਮੁਹੱਬਤ ਅਤੇ ਬਿਨਾਂ ਲਾਲਚ ਵਾਲੇ ਰਿਸ਼ਤਿਆਂ ਦੀ ਲੋੜ ਹੈ।  


rajwinder kaur

Content Editor

Related News