ਸਾਊਥ ਦਿੱਲੀ ਦੀ ਮੇਅਰ ਵੱਲੋਂ ''ਆਪ'' ਦੇ 12 ਨਿਗਮ ਮੈਂਬਰ ਸਸਪੈਂਡ

Wednesday, Dec 27, 2017 - 09:48 AM (IST)

ਸਾਊਥ ਦਿੱਲੀ ਦੀ ਮੇਅਰ ਵੱਲੋਂ ''ਆਪ'' ਦੇ 12 ਨਿਗਮ ਮੈਂਬਰ ਸਸਪੈਂਡ


ਜਲੰਧਰ (ਬੁਲੰਦ) - 'ਆਪ' ਦੇ 12 ਨਿਗਮ ਮੈਂਬਰਾਂ ਨੂੰ ਸਾਊਥ ਦਿੱਲੀ ਦੀ ਮੇਅਰ ਕਮਲਜੀਤ ਸਹਿਰਾਵਤ ਨੇ ਹਾਊਸ 'ਚ ਹੰਗਾਮਾ ਕਰਨ ਕਰ ਕੇ ਸਸਪੈਂਡ ਕਰ ਦਿੱਤਾ ਹੈ। ਇਸ ਬਾਰੇ ਭਾਜਪਾ ਕੌਂਸਲਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਕਿ 'ਆਪ' ਕੌਂਸਲਰਾਂ ਨੇ ਹਾਊਸ ਦੀ ਬੈਠਕ ਦੌਰਾਨ ਨਗਰ ਨਿਗਮ ਦੀਆਂ ਮਹਿਲਾ ਕਰਮਚਾਰੀਆਂ ਨਾਲ ਮਾੜਾ ਵਤੀਰਾ ਕੀਤਾ ਹੈ।
ਮੇਅਰ ਸਹਿਰਾਵਤ ਨੇ ਨਿਗਮ ਹਾਊਸ 'ਚ ਹੰਗਾਮਾ ਕਰਨ ਅਤੇ ਮਹਿਲਾ ਕਰਮਚਾਰੀਆਂ ਨਾਲ ਧੱਕਾ-ਮੁੱਕੀ ਕਰਨ ਦੇ ਮਾਮਲੇ ਸਬੰਧੀ ਸਖਤ ਨੋਟਿਸ ਲੈਂਦਿਆਂ ਇਨ੍ਹਾਂ ਮੈਂਬਰਾਂ ਨੂੰ ਸਸਪੈਂਡ ਕੀਤਾ ਹੈ। ਇਸ ਬਾਰੇ ਮੇਅਰ ਸਹਿਰਾਵਤ ਨੇ ਦੱਸਿਆ ਕਿ ਇਨ੍ਹਾਂ ਮੈਂਬਰਾਂ ਨੇ ਨਿਗਮ ਦੀ ਬੈਠਕ 'ਚ ਖੂਬ ਹੰਗਾਮਾ ਕੀਤਾ ਅਤੇ ਮਹਿਲਾ ਕਰਮਚਾਰੀਆਂ ਕੋਲੋਂ ਆਫੀਸ਼ੀਅਲ ਕਾਗਜ਼ਾਤ ਤੇ ਕਿਤਾਬਾਂ ਖੋਹ ਕੇ ਪਾੜ ਦਿੱਤੀਆਂ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਇਸ ਲਈ ਉਨ੍ਹਾਂ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ 'ਚ ਅਜਿਹਾ ਨਾ ਹੋਵੇ, ਇਸ ਲਈ ਨਿਗਮ ਹਾਊਸ ਦੀ ਸੁਰੱਖਿਆ ਵੀ ਵਧਾਈ ਗਈ ਹੈ। ਭਾਜਪਾ ਕੌਂਸਲਰਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਉਧਰ ਲੀਡਰ ਆਫ ਹਾਊਸ ਸ਼ਿਖਾ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਘਟਨਾਚੱਕਰ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਅਤੇ ਇਨ੍ਹਾਂ ਕੌਂਸਲਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਐੱਲ. ਜੀ. ਨੂੰ ਵੀ ਸ਼ਿਕਾਇਤ ਕੀਤੀ ਜਾਵੇਗੀ।


Related News