ਦਿੱਲੀ ''ਚ ਤੈਅ ਹੋਵੇਗਾ ਲੁਧਿਆਣਾ ਦੇ ਮੇਅਰ ਦਾ ਨਾਂ
Tuesday, Mar 13, 2018 - 05:27 AM (IST)

ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਨੂੰ 15 ਦਿਨ ਤੋਂ ਜ਼ਿਆਦਾ ਦਾ ਸਮਾਂ ਬੀਤ ਚੱਕਾ ਹੈ ਪਰ ਹੁਣ ਤੱਕ ਨਾ ਤਾਂ ਨਵੇਂ ਚੁਣੇ ਹੋਏ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਅਤੇ ਨਾ ਹੀ ਮੇਅਰ ਦੇ ਅਹੁਦੇ ਦੇ ਨਾਂ ਦਾ ਫੈਸਲਾ ਹੋ ਸਕਿਆ ਹੈ। ਹਾਲਾਂਕਿ ਕਾਂਗਰਸ ਦੇ ਕੌਂਸਲਰਾਂ ਤੋਂ ਇਲਾਵਾ ਵਿਧਾਇਕਾਂ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਸਮੇਤ ਐੱਫ. ਐਂਡ ਸੀ. ਸੀ. ਮੈਂਬਰ ਬਣਾਉਣ ਦੇ ਅਧਿਕਾਰ ਕਾਫੀ ਦਿਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੇ ਹਨ ਪਰ ਫਿਰ ਵੀ ਮੇਅਰ ਦੇ ਨਾਂ ਦਾ ਫੈਸਲਾ ਵੀ ਕਾਂਗਰਸ ਦੀ ਰਿਵਾਇਤ ਮੁਤਾਬਕ ਦਿੱਲੀ ਦਰਬਾਰ ਵਿਚ ਹੀ ਹੋਵੇਗਾ, ਜਿਸ ਦੇ ਲਈ 16 ਮਾਰਚ ਨੂੰ ਮੀਟਿੰਗ ਸੱਦੇ ਜਾਣ ਦੀ ਸੂਚਨਾ ਹੈ, ਕਿਉਂਕਿ ਉਸ ਦਿਨ ਉੱਥੇ ਤਿੰਨ ਦਿਨ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿਚ ਕੈਪਟਨ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਇੰਚਾਰਜ ਆਸ਼ਾ ਕੁਮਾਰੀ ਅਤੇ ਹਰੀਸ਼ ਚੌਧਰੀ, ਐੱਮ. ਪੀ. ਰਵਨੀਤ ਬਿੱਟੂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਮੀਟਿੰਗ ਤੋਂ ਪਹਿਲਾਂ ਜਿੱਥੇ ਮੇਅਰ ਬਣਨ ਦੇ ਚਾਹਵਾਨਾਂ ਨੇ ਸਥਾਨਕ ਪੱਧਰ ਤੋਂ ਲੈ ਕੇ ਚੰਡੀਗੜ੍ਹ ਤੋਂ ਹੁੰਦੇ ਹੋਏ ਦਿੱਲੀ ਤੱਕ ਬੈਠੇ ਆਪਣੇ ਸਿਆਸੀ ਆਕਾਵਾਂ ਦੇ ਦਰਬਾਰ ਵਿਚ ਹਾਜ਼ਰੀ ਲਾਉਣ ਦਾ ਸਿਲਸਿਲਾ ਅਚਾਨਕ ਤੇਜ਼ ਕਰ ਦਿੱਤਾ ਹੈ, ਉਥੇ ਸਰਕਾਰ ਨੇ ਮੇਅਰ ਦੇ ਅਹੁਦੇ ਦੇ ਦਾਅਵੇਦਾਰਾਂ ਸਬੰਧੀ ਖੁਫੀਆ ਰਿਪੋਰਟਾਂ ਮੰਗਵਾ ਲਈਆਂ ਹਨ। ਉਸ ਦੇ ਆਧਾਰ 'ਤੇ ਹੀ ਫੈਸਲਾ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਅਟੈਚੀ ਲੈ ਕੇ ਘੁੰਮ ਰਹੇ ਹਨ ਕਈ ਦਾਅਵੇਕਾਰ
ਕਾਂਗਰਸ ਵੱਲੋਂ ਚਾਹੇ ਇਹ ਕਿਹਾ ਜਾ ਰਿਹਾ ਹੈ ਕਿ ਮੇਅਰ ਦੇ ਨਾਂ ਦਾ ਫੈਸਲਾ ਸੀਨੀਅਰਤਾ ਅਤੇ ਤਜਰਬੇ ਦੇ ਆਧਾਰ 'ਤੇ ਕੌਂਸਲਰਾਂ ਦੀ ਸਲਾਹ ਨਾਲ ਕੀਤਾ ਜਾਵੇਗਾ ਪਰ ਇਸ ਸਬੰਧੀ ਕੋਈ ਫੈਸਲਾ ਆਉਣ ਤੋਂ ਪਹਿਲਾਂ ਹੀ ਭ੍ਰਿਸ਼ਟਾਚਾਰ ਦੀ ਬੂ ਆਉਣ ਲੱਗੀ ਹੈ, ਜਿਸ ਤਹਿਤ ਚਰਚਾ ਹੈ ਕਿ ਕੁੱਝ ਦਾਅਵੇਦਾਰ ਤਾਂ ਅਟੈਚੀ ਲੈ ਕੇ ਘੁੰਮ ਰਹੇ ਹਨ, ਜਿਨ੍ਹਾਂ ਦੇ ਹਮਾਇਤੀ ਤਾਂ ਕਿਸ਼ਤ ਵੀ ਸਹੀ ਜਗ੍ਹਾ ਪਹੁੰਚਾਉਣ ਦੇ ਦਾਅਵੇ ਕਰ ਰਹੇ ਹਨ, ਜਿਸ 'ਚ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਦੇ ਕਈ ਆਗੂਆਂ ਦਾ ਨਾਂ ਚੱਲ ਰਿਹਾ ਹੈ।
ਕਿਸੇ ਵੀ ਅਹੁਦੇ 'ਤੇ ਸਹਿਮਤ ਹੋਣ ਨੂੰ ਤਿਆਰ ਹਨ ਕਈ ਦਾਅਵੇਦਾਰ
ਨਗਰ ਨਿਗਮ 'ਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤੋਂ ਇਲਾਵਾ ਐੱਫ. ਐਂਡ ਸੀ. ਸੀ. ਦੇ ਮੈਂਬਰਾਂ ਨੂੰ ਮਿਲਾ ਕੇ ਕੁੱਲ 5 ਅਹੁਦੇ ਬਣਦੇ ਹਨ ਪਰ ਦਾਅਵੇਦਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦੌਰ ਵਿਚ ਇਹ ਹਾਲਾਤ ਪੈਦਾ ਹੋ ਗਏ ਹਨ ਕਿ ਦਾਅਵੇਦਾਰ ਜਨਤਾ ਵਿਚ ਤਾਂ ਸੀਨੀਅਰਤਾ ਦੇ ਮੁਤਾਬਕ ਪਹਿਲੇ ਤਿੰਨ ਤੋਂ ਇਲਾਵਾ ਕੋਈ ਅਹੁਦੇ ਮਨਜ਼ੂਰ ਨਾ ਕਰਨ ਦੀ ਤਾਲ ਠੋਕ ਰਹੇ ਹਨ, ਜਦੋਂਕਿ ਸੀਨੀਅਰ ਆਗੂਆਂ ਦੇ ਕੋਲ ਜਾ ਕੇ ਕੋਈ ਵੀ ਅਹੁਦਾ ਦੇਣ ਦੀ ਮੰਗ ਕਰ ਰਹੇ ਹਨ।