BSF ਨੂੰ ਵੱਧ ਤਾਕਤਾਂ ਦੇਣ ਦਾ ਮਾਮਲਾ : ਜੇਲਾਂ ਵੀ ਭਰਨੀਆਂ ਪਈਆਂ ਤਾਂ ਪਿੱਛੇ ਨਹੀਂ ਹਟਾਂਗੇ- ਮਜੀਠੀਆ
Sunday, Oct 17, 2021 - 12:07 AM (IST)
ਅੰਮ੍ਰਿਤਸਰ(ਛੀਨਾ)- ਕੇਂਦਰ ਸਰਕਾਰ ਵਲੋਂ ਬੀ. ਐੱਸ. ਐੱਫ. ਦਾ 50 ਕਿਲੋਮੀਟਰ ਤੱਕ ਦਾਇਰਾ ਵਧਾਏ ਜਾਣ ਦੇ ਫੈਸਲੇ ਦਾ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਮਾਝੇ ਦੀ ਅਕਾਲੀ ਲੀਡਰਸ਼ਿਪ ਨੇ ਸਖਤ ਵਿਰੋਧ ਕੀਤਾ ਹੈ। ਇਸ ਸਬੰਧ ’ਚ ਅੱਜ ਮਾਝੇ ਦੀ ਅਕਾਲੀ ਲੀਡਰਸ਼ਿਪ ਦੀ ਸੱਦੀ ਗਈ ਐਮਰਜੈਂਸੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਅਧਿਕਾਰਾਂ ’ਤੇ ਕੇਂਦਰ ਸਰਕਾਰ ਵਲੋਂ ਮਾਰੇ ਜਾ ਡਾਕੇ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਸਖਤ ਵਿਰੋਧ ਕੀਤਾ ਜਾਵੇਗਾ, ਲੋਡ਼ ਪਈ ਤਾਂ ਜੇਲਾਂ ਭਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਖਾਤਰ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀ ਹੁਣ ਮਨੁੱਖੀ ਘਾਣ ਖਿਲਾਫ ਵੀ ਡੱਟ ਕੇ ਆਵਾਜ਼ ਬੁਲੰਦ ਕਰਨਗੇ।
ਇਹ ਵੀ ਪੜ੍ਹੋ- ਕੋਲੇ ਦੀ ਕਮੀ ਦੇ ਚਲਦਿਆਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਸਾਰੇ ਯੂਨਿਟ ਹੋਏ ਬੰਦ
ਮਜੀਠੀਆ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਲਾਹ ਮੁਤਾਬਕ ਹੁਣ ਭਾਜਪਾ ਵਿਰੋਧੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਆਪਣੇ ਸੂਬਿਆਂ ਦੇ ਅਧਿਕਾਰ ਬਚਾਉਣ ਲਈ ਇਕਜੁੱਟ ਹੋ ਕੇ ਲਡ਼ਾਈ ਲਡ਼ਨ ਦੀ ਲੋਡ਼ ਹੈ। ਮਜੀਠੀਆ ਨੇ ਕਿਹਾ ਕਿ 2012 ’ਚ ਯੂ. ਪੀ. ਏ. ਸਰਕਾਰ ਨੇ ਗੁਜਰਾਤ ਵਿਚ ਬੀ. ਐੱਸ. ਐੱਫ. ਦਾ ਘੇਰਾ 50 ਕਿਲੋਮੀਟਿਰ ਦੀ ਬਜਾਏ 80 ਕਿਲੋਮੀਟਰ ਤੱਕ ਵਧਾ ਦਿੱਤਾ ਸੀ ਤੇ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਯੂ. ਪੀ. ਸਰਕਾਰ ਦੀ ਸਖਤ ਅਲੋਚਨਾ ਕਰਦਿਆਂ ਇਸ ਫੈਸਲੇ ਦੇ ਕਈ ਨੁਕਸਾਨ ਗਿਣਵਾ ਦਿੱਤੇ ਸਨ, ਜਿਸ ਤੋਂ ਬਾਅਦ ਯੂ. ਪੀ. ਏ. ਨੇ ਤਾਂ ਆਪਣਾ ਫੈਸਲਾ ਵਾਪਸ ਲੈ ਲਿਆ ਸੀ ਪਰ ਹੁਣ ਉਹੀ ਫੈਸਲਾ ਖੁਦ ਮੋਦੀ ਸਰਕਾਰ ਨੇ ਲਾਗੂ ਕਰ ਕੇ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਮਾਰਿਆ ਹੈ।
ਮਜੀਠੀਆ ਨੇ ਕਿਹਾ ਕਿ ਬੀ. ਐੱਸ. ਐੱਫ. ਨੂੰ ਦਿੱਤੀ ਗਈ ਵੱਧ ਤਾਕਤ ਕੇਂਦਰ ਸਰਕਾਰ ਆਪਣੇ ਵਿਰੋਧੀਆਂ ਖਿਲਾਫ ਕਿਸੇ ਵੇਲੇ ਵੀ ਵਰਤ ਸਕਦੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਮੂਹ ਪਿੰਡ ਵਾਸੀ ਪਾਰਟੀਬਾਜੀ ਤੋਂ ਉਪਰ ਉਠ ਕੇ ਕੇਂਦਰ ਸਰਕਾਰ ਦੇ ਇਸ ਫੈਂਸਲੇ ਖਿਲਾਫ ਮਤੇ ਪਾ ਕੇ ਰੋਸ ਜਿਤਾਉਣ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਹਸਤਾਖਰ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਤਰੁਣ ਚੁੱਘ ਦੇ ਬੇਟੇ ਦੇ ਵਿਆਹ ਦੀ ਸਾਦਗੀ ਹਰ ਪਾਸੇ ਬਣੀ ਚਰਚਾ ਦਾ ਵਿਸ਼ਾ
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਰੰਧਾਵਾ, ਲਖਬੀਰ ਸਿੰਘ ਲੋਧੀਗੁੱਜਰ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਡਾ.ਦਲਬੀਰ ਸਿੰਘ ਵੇਰਕਾ, ਮਨਜੀਤ ਸਿੰਘ ਮੰਨਾ ਮੀਆਂਵਿੰਡ, ਬਲਜੀਤ ਸਿੰਘ ਜਲਾਲਉਸਮਾ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਇਕਬਾਲ ਸਿੰਘ ਸੰਧੂ, ਜੋਧ ਸਿੰਘ ਸਮਰਾ, ਗੁਰਸ਼ਰਨ ਸਿੰਘ ਛੀਨਾ, ਸੁਖਜਿੰਦਰ ਸਿੰਘ ਲੰਗਾਹ, ਰਮਨਦੀਪ ਸਿੰਘ ਸੰਧੂ, ਜਸਪ੍ਰੀਤ ਸਿੰਘ ਰਾਣਾ, ਕਿਰਨਪ੍ਰੀਤ ਸਿੰਘ ਮੋਨੂੰ, ਸੰਦੀਪ ਸਿੰਘ ਏ.ਆਰ., ਦਿਲਬਾਗ ਸਿੰਘ ਅੰਨਗਡ਼੍ਹ ਅਾਦਿ ਹਾਜ਼ਰ ਸਨ।