ਨਰਾਤਿਆਂ ਦੌਰਾਨ ''ਮਾਤਾ ਨੈਣਾ ਦੇਵੀ ਦਰਬਾਰ'' ''ਤੇ ਚੜ੍ਹਿਆ 96 ਲੱਖ ਤੋਂ ਜ਼ਿਆਦਾ ਦਾ ਚੜ੍ਹਾਵਾ
Friday, Aug 20, 2021 - 10:04 AM (IST)
ਖੰਨਾ (ਕਮਲ, ਸੁਖਵਿੰਦਰ ਕੌਰ) : ਹਰ ਸਾਲ ਸਾਉਣ ਦੇ ਨਰਾਤਿਆਂ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਨੈਣਾ ਦੇਵੀ ਦੇ ਦਰਬਾਰ (ਹਿਮਾਚਲ ਪ੍ਰਦੇਸ਼) ਵਿਖੇ ਨਤਮਸਤਕ ਹੁੰਦੇ ਹਨ। ਭਾਵੇਂ ਪਿਛਲੇ ਸਾਲ ਕੋਰੋਨਾ ਕਾਰਨ ਦੇਸ਼ ਭਰ ਦੇ ਧਾਰਮਿਕ ਸਥਾਨ ਬੰਦ ਹੋਣ ਕਰ ਕੇ ਸ਼ਰਧਾਲੂ ਮਾਤਾ ਨੈਣਾ ਦੇਵੀ ਦਰਬਾਰ ਦੇ ਦਰਸ਼ਨ ਕਰਨ ਲਈ ਨਹੀਂ ਜਾ ਸਕੇ ਪਰ ਇਸ ਸਾਲ ਮੰਦਰ ਖੁੱਲ੍ਹਣ ਉਪਰੰਤ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਤੇ ਖੁੱਲ੍ਹੇ ਦਿਲ ਨਾਲ ਮਾਤਾ ਦੇ ਚਰਨਾਂ ’ਚ ਧਨ, ਸੋਨਾ-ਚਾਂਦੀ ਭੇਟ ਕੀਤਾ।
ਸ੍ਰੀ ਨੈਣਾ ਦੇਵੀ ਸੇਵਾ ਮੰਡਲ ਕਲੱਬ ਖੰਨਾ ਦੇ ਚੇਅਰਮੈਨ ਓਮ ਪ੍ਰਕਾਸ਼ ਸਿੰਗਲਾ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ 9 ਅਗਸਤ ਤੋਂ ਲੈ ਕੇ 17 ਅਗਸਤ ਤੱਕ ਚੱਲੇ ਨਰਾਤਿਆਂ ਦੌਰਾਨ ਕਰੀਬ 2,12,700 ਸ਼ਰਧਾਲੂ ਮਾਤਾ ਸ੍ਰੀ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਪਹੁੰਚੇ। ਮਾਤਾ ਨੈਣਾ ਦੇਵੀ ਦਰਬਾਰ ’ਚ ਵੱਖ-ਵੱਖ ਦਿਨਾਂ ਦੌਰਾਨ ਮੁੱਖ ਗੋਲਕ ’ਚ 88,67,417 ਰੁਪਏ, ਹੋਰਨਾਂ ਗੋਲਕਾਂ ’ਚ 7,94,083 ਰੁਪਏ ਤੇ ਕੁੱਲ 96 ਲੱਖ 61,500 ਰੁਪਏ ਦਾ ਚੜ੍ਹਾਵਾ ਚੜ੍ਹਿਆ।
ਇਸੇ ਤਰ੍ਹਾਂ ਸ਼ਰਧਾਲੂਆਂ ਵੱਲੋਂ 255.230 ਗ੍ਰਾਮ ਸੋਨਾ ਤੇ 22 ਕਿਲੋ 629.250 ਗ੍ਰਾਮ ਚਾਂਦੀ ਮਾਤਾ ਦੇ ਚਰਨਾਂ ’ਚ ਭੇਂਟ ਕੀਤੀ ਗਈ। ਦੱਸਣਯੋਗ ਹੈ ਕਿ ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਵੈਕਸੀਨ ਦੇ ਸਰਟੀਫਿਕੇਟ (ਦੋਵੇਂ ਖ਼ੁਰਾਕਾਂ) ਜਾਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਰੱਖੀ ਗਈ ਸੀ। ਇਸ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਸ਼ਰਧਾਲੂ ਮਾਤਾ ਦੇ ਦਰਬਾਰ 'ਚ ਨਤਮਸਤਕ ਹੋਏ ਅਤੇ ਮਾਂ ਦਾ ਆਸ਼ੀਰਵਾਦ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ