ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਮਾਮਲੇ 'ਚ ਚੌਥੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਸੂਬੇ ’ਚ ਅਲਰਟ ਜਾਰੀ

01/11/2023 2:56:12 PM

ਕਪੂਰਥਲਾ (ਭੂਸ਼ਣ)-ਫਗਵਾੜਾ-ਗੋਰਾਇਆ ਰਾਸ਼ਟਰੀ ਰਾਜ ਮਾਰਗ ’ਤੇ ਐਤਵਾਰ ਦੀ ਰਾਤ ਪੁਲਸ ਮੁਕਾਬਲੇ ਦੌਰਾਨ ਇਕ ਪੁਲਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਉਰਫ਼ ਕਮਲ ਨੂੰ ਸ਼ਹੀਦ ਕਰਨ ਵਾਲੇ ਤਿੰਨਾਂ ਮੁਲਜ਼ਮਾਂ ਦਾ ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ ’ਚ ਇਲਾਜ ਜਾਰੀ ਹੈ, ਉੱਥੇ ਹੀ ਫਰਾਰ ਚੌਥੇ ਮੁਲਜ਼ਮ ਯੁਵਰਾਜ ਸਿੰਘ ਦੀ ਭਾਲ ’ਚ ਕਪੂਰਥਲਾ ਪੁਲਸ ਦੀਆਂ ਟੀਮਾਂ ਨੇ ਕਈ ਸ਼ਹਿਰਾਂ ’ਚ ਛਾਪੇਮਾਰੀ ਕੀਤੀ ਹੈ। ਉੱਥੇ ਹੀ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਦੂਜੇ ਸੂਬਿਆਂ ਦੀਆਂ ਪੁਲਸ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਦੀ ਰਾਤ ਫਗਵਾੜਾ ਦੇ ਅਰਬਨ ਅਸਟੇਟ ਦੇ ਨੇੜੇ ਇਕ ਵਿਅਕਤੀ ਤੋਂ ਚਾਰ ਹਥਿਆਰਬੰਦ ਲੁਟੇਰਿਆਂ ਨੇ ਕ੍ਰੇਟਾ ਗੱਡੀ ਖੋਹ ਲਈ ਸੀ, ਜਿਸ ਨੂੰ ਲੈ ਕੇ ਪੀੜਤ ਵਿਅਕਤੀ ਨੇ ਪੁਲਸ ਕੰਟਰੋਲ ਰੂਮ ਫਗਵਾੜਾ ’ਚ ਸੂਚਨਾ ਦਿੱਤੀ। ਇਸ ਪੂਰੇ ਮਾਮਲੇ ’ਚ ਹਰਕਤ ’ਚ ਆਈ ਕਪੂਰਥਲਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਮੁਲਜ਼ਮਾਂ ਨੂੰ ਗੋਰਾਇਆ ਦੇ ਨਜ਼ਦੀਕ ਘੇਰ ਲਿਆ। ਜਿਸ ਦੌਰਾਨ ਪੁਲਸ ਮੁਕਾਬਲੇ ’ਚ ਇਕ ਪੁਲਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ, ਜਦਕਿ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਜਦਕਿ ਯੁਵਰਾਜ ਨਾਮ ਦਾ ਚੌਥਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ : RTI 'ਚ ਖ਼ੁਲਾਸਾ, ਪੰਜਾਬ 'ਚ 'ਲੰਪੀ ਸਕਿਨ' ਦੀ ਬੀਮਾਰੀ ਨਾਲ ਪਿਛਲੇ ਸਾਲ ਕਰੀਬ 18 ਹਜ਼ਾਰ ਪਸ਼ੂਆਂ ਦੀ ਹੋਈ ਮੌਤ

PunjabKesari

ਪੁਲਸ ਮੁਕਾਬਲੇ ਦੌਰਾਨ ਜ਼ਖਮੀ ਹੋਏ ਤਿੰਨਾਂ ਮੁਲਜ਼ਮਾਂ ਦਾ ਜਲੰਧਰ ’ਚ ਸਖਤ ਸੁਰੱਖਿਆ ਪ੍ਰਬੰਧਾਂ ’ਚ ਇਲਾਜ ਚੱਲ ਰਿਹਾ ਹੈ। ਉੱਥੇ ਹੀ ਹੱਤਿਆ, ਲੁੱਟ ਅਤੇ ਹੱਤਿਆ ਦੀ ਕੋਸ਼ਿਸ਼ ਵਰਗੇ ਕਈ ਮਾਮਲਿਆਂ ’ਚ ਸ਼ਾਮਲ ਰਹੇ ਤਿੰਨਾਂ ਮੁਲਜ਼ਮਾਂ ਦੇ ਠੀਕ ਹੋਣ ਦੇ ਉਪਰੰਤ ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਕਈ ਸਨਸਨੀਖੇਜ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਸੂਬੇ ਤੇ ਆਸ-ਪਾਸ ਦੇ ਸੂਬਿਆਂ ’ਚ ਲੁੱਟ ਦੀਆਂ ਕਈ ਵਾਰਦਾਤਾਂ ਸੁਲਝਣ ਦੀ ਸੰਭਾਵਨਾ ਹੈ। ਮਾਮਲੇ ਦੀ ਜਾਂਚ ’ਚ ਜੁਟੀ ਪੁਲਸ ਦਾ ਮੰਨਣਾ ਹੈ ਕਿ ਨਿਸ਼ਚਿਤ ਤੌਰ ’ਤੇ ਮੁਲਜ਼ਮਾਂ ਨੇ ਜਿਸ ਤਰ੍ਹਾਂ ਦਿੱਲੀ ਤੋਂ ਚੋਰੀ ਕੀਤੀ ਗਈ ਕਾਰ ’ਤੇ ਜਾਅਲੀ ਨੰਬਰ ਪਲੇਟ ਲਾ ਕੇ ਇਸ ਸਨਸਨੀਖੇਜ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਨਾਲ ਨਿਸ਼ਚਿਤ ਤੌਰ ’ਤੇ ਮੁਲਜ਼ਮਾਂ ਨੇ ਪੰਜਾਬ ਤੇ ਆਸ-ਪਾਸ ਦੇ ਸੂਬਿਆਂ ’ਚ ਹੋਰ ਵੀ ਕਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਵੇਗਾ।

PunjabKesari

ਇਲਾਜ ਅਧੀਨ ਤਿੰਨਾਂ ਮੁਲਜ਼ਮਾਂ ਨੂੰ ਠੀਕ ਹੋਣ ਉਪਰੰਤ ਪ੍ਰੋਡਕਸ਼ਨ ਵਾਰੰਟ ’ਤੇ ਕਪੂਰਥਲਾ ਲਿਆਵੇਗੀ ਪੁਲਸ
ਉਧਰ, ਜਲੰਧਰ ਦਿਹਾਤੀ ਪੁਲਸ ਦੀ ਹਿਰਾਸਤ ’ਚ ਇਲਾਜ ਅਧੀਨ ਚੱਲ ਰਹੇ ਤਿੰਨਾਂ ਮੁਲਜ਼ਮਾਂ ਨੂੰ ਕਪੂਰਥਲਾ ਪੁਲਸ ਠੀਕ ਹੋਣ ਦੇ ਬਾਅਦ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਕਪੂਰਥਲਾ ਲਿਆਵੇਗੀ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਕ ਵੱਡੇ ਅਪਰਾਧਿਕ ਨੈੱਟਵਰਕ ਦਾ ਖ਼ੁਲਾਸਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਉੱਥੇ ਹੀ ਕਾਰ ਚੋਰੀ ਮਾਮਲੇ ’ਚ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਲਈ ਦਿੱਲੀ ਪੁਲਸ ਵੀ ਆਉਣ ਵਾਲੇ ਦਿਨਾਂ ’ਚ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਉੱਥੇ ਹੀ ਮੁਲਜ਼ਮਾਂ ਦੇ ਚੌਥੇ ਮੁਲਜ਼ਮ ਯੁਵਰਾਜ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਪੂਰੇ ਮਾਮਲੇ ’ਚ ਕਈ ਅਹਿਮ ਮੋੜ ਵੇਖਣ ਨੂੰ ਮਿਲ ਸਕਦੇ ਹਨ।

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ ’ਚ ਜਦੋਂ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਲਜਮਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਤੋਂ ਪੂਰੀ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਉਨ੍ਹਾਂ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪੂਰੀ ਮਿਹਨਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ’ਤੇ ਪਹੁੰਚਣ ਲਈ ਕਾਹਲੀ ਪੰਜਾਬ ਦੀ ਜਵਾਨੀ, ਆਪਣਿਆਂ ਨੂੰ ਉਡੀਕਣ ਲੱਗੇ 'ਬੰਦ ਘਰ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


shivani attri

Content Editor

Related News