''ਸ਼ਹੀਦ ਰਣਜੀਤ ਸਿੰਘ'' ਦੇ ਪਰਿਵਾਰ ਲਈ ਕੈਪਟਨ ਵਲੋਂ ਮੁਆਵਜ਼ੇ ਦਾ ਐਲਾਨ
Friday, Jan 17, 2020 - 02:31 PM (IST)
![''ਸ਼ਹੀਦ ਰਣਜੀਤ ਸਿੰਘ'' ਦੇ ਪਰਿਵਾਰ ਲਈ ਕੈਪਟਨ ਵਲੋਂ ਮੁਆਵਜ਼ੇ ਦਾ ਐਲਾਨ](https://static.jagbani.com/multimedia/2020_1image_14_29_411343160tweetjawan.jpg)
ਗੁਰਦਾਸਪੁਰ : ਜੰਮੂ-ਕਸ਼ਮੀਰ 'ਚ ਕੁਪਵਾੜਾ ਵਿਖੇ ਸ਼ਹੀਦ ਹੋਏ ਜਵਾਨ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਸ਼ਹੀਦ ਦੇ ਪਰਿਵਾਰ ਲਈ ਕੈਪਟਨ ਵਲੋਂ ਮੁਆਵਜ਼ੇ ਵਜੋਂ 12 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਟਵੀਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ਉਹ ਇਸ ਦੁੱਖ ਦੀ ਘੜੀ 'ਚ ਸ਼ਹੀਦ ਦੇ ਪਰਿਵਾਰ ਦੇ ਨਾਲ ਹਨ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਮਾਛਿਲ ਸੈਕਟਰ ਵਿਖੇ ਐੱਲ. ਓ. ਸੀ. 'ਤੇ ਜਦੋਂ ਜਵਾਨ ਰਣਜੀਤ ਸਿੰਘ ਗਸ਼ਤ ਕਰ ਰਹੇ ਸਨ ਤਾਂ ਬਰਫ ਖਿਸਕਣ ਕਾਰਨ ਹੇਠਾਂ ਦੱਬ ਗਏ ਅਤੇ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੀ 3 ਮਹੀਨਿਆਂ ਦੀ ਬੱਚੀ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ।