ਮਨਦੀਪ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ ਦੀ ਘਟਨਾ ਸੁਣ ਕੇ ਮਾਣ ਨਾਲ ਭਰ ਜਾਵੇਗਾ ਹਰ ਪੰਜਾਬੀ ਦਾ ਦਿਲ, ਕਰੋਗੇ ਸਲਾਮ (ਤਸਵੀਰਾਂ)
Sunday, Jul 16, 2017 - 05:33 PM (IST)

ਪਟਿਆਲਾ— ਹੜ੍ਹ ਪ੍ਰਭਾਵਿਤ ਅਰੁਣਾਚਲ ਪ੍ਰਦੇਸ਼ ਵਿਚ 169 ਲੋਕਾਂ ਨੂੰ ਬਚਾਉਂਦੇ ਹੋਏ ਸ਼ਹੀਦ ਹੋਣ ਵਾਲੇ ਵਿੰਗ ਕਮਾਂਡਰ ਮਨਦੀਪ ਸਿੰਘ ਢਿੱਲੋਂ ਦੀ ਸ਼ਹਾਦਤ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। 4 ਜੁਲਾਈ ਨੂੰ ਅਰੁਣਾਚਲ ਪ੍ਰਦੇਸ਼ ਵਿਚ ਹੜ੍ਹ ਵਿਚ ਫਸੇ ਲੋਕਾਂ ਨੂੰ ਬਚਾਉਂਦੇ ਹੋਏ ਉਨ੍ਹਾਂ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਉਨ੍ਹਾਂ ਦੇ ਨਾਲ ਹੈਲੀਕਾਪਟਰ ਵਿਚ ਫਲਾਈਟ ਲੈਫਟੀਨੈਂਟ ਪੀ. ਕੇ. ਸਿੰਘ ਬਤੌਰ ਸਹਿ-ਪਾਇਲਟ ਅਤੇ ਸਾਰਜੈਂਟ ਆਰਵਾਯ ਗੂਜਰ ਫਲਾਈਟ ਗਨਰ ਦੇ ਰੂਪ ਵਿਚ ਮੌਜੂਦ ਸਨ। ਉਨ੍ਹਾਂ ਦੇ ਨਾਲ ਅਰੁਣਾਚਲ ਪ੍ਰਦੇਸ਼ ਪੁਲਸ ਦਾ ਇਕ ਕਾਂਸਟੇਬਲ ਵੀ ਮੌਜੂਦ ਸੀ। ਹਾਦਸੇ ਵਿਚ ਸਾਰਿਆਂ ਦੀ ਜਾਨ ਚਲੀ ਗਈ ਸੀ।
ਪਤੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪਤਨੀ ਪ੍ਰਭਪ੍ਰੀਤ ਕੌਰ ਨੇ ਇਕ ਅਜਿਹੀ ਘਟਨਾ ਦੱਸੀ, ਜਿਸ ਬਾਰੇ ਜਾਣ ਕੇ ਹਰ ਭਾਰਤੀ, ਖਾਸ ਤੌਰ 'ਤੇ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਦਿਨ ਮਨਦੀਪ ਸਿੰਘ ਆਪਣੇ ਆਖਰੀ ਮਿਸ਼ਨ 'ਤੇ ਜਾ ਰਹੇ ਸਨ, ਉਸ ਦਿਨ ਬੇਟੀ ਸਹਿਜ ਨੂੰ ਤੇਜ਼ ਬੁਖਾਰ ਸੀ। ਪ੍ਰਭਪ੍ਰੀਤ ਨੇ ਮਨਦੀਪ ਨੂੰ ਕਿਹਾ ਕਿ ਉਹ ਬੇਟੀ ਨੂੰ ਏਅਰਫੋਰਸ ਦੇ ਮੈਡੀਕੇਅਰ ਸੈਂਟਰ ਵਿਚ ਦਿਖਾਉਣ ਪਰ ਉਨ੍ਹਾਂ ਨੇ ਕਿਹਾ ਕਿ ਉਹ ਹੜ੍ਹ ਵਿਚ ਫਸੇ ਲੋਕਾਂ ਨੂੰ ਬਚਾਉਣ ਜਾ ਰਹੇ ਹਨ। ਉਨ੍ਹਾਂ ਨੇ ਦੇਸ਼ ਪ੍ਰਤੀ ਆਪਣੇ ਫਰਜ਼ ਨੂੰ ਆਪਣੇ ਪਿਤਾ ਦੇ ਫਰਜ਼ ਤੋਂ ਉੱਪਰ ਰੱਖਿਆ। ਉਹ ਮਿਸ਼ਨ 'ਤੇ ਗਏ ਅਤੇ ਆਖਰੀ ਵਾਰ ਆਪਣੀ ਬੀਮਾਰ ਧੀ ਨੂੰ ਦਵਾਈ ਵੀ ਨਾ ਦਿਵਾ ਸਕੇ।
ਪ੍ਰਭਪ੍ਰੀਤ ਨੇ ਆਪਣੀ 14 ਸਾਲਾਂ ਦੀ ਵਿਆਹੁਤਾ ਜ਼ਿੰਦਗੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਿਸ ਵੀ ਮਿਸ਼ਨ ਵਿਚ ਜ਼ਿਆਦਾ ਖਤਰਾ ਹੁੰਦਾ ਸੀ ਉੱਥੇ ਉਹ ਦੂਜਿਆਂ ਤੋਂ ਪਹਿਲਾਂ ਆਪ ਜਾਂਦੇ ਸੀ। ਏਅਰਫੋਰਸ ਤੋਂ ਇਲਾਵਾ ਵੀ ਉਹ ਹਮੇਸ਼ਾ ਦੂਜਿਆਂ ਦੇ ਕੰਮ ਆਉਂਦੇ ਸਨ। ਜਦੋਂ ਵੀ ਮੌਕਾ ਮਿਲਦਾ, ਉਹ ਗੁਰਦੁਆਰਿਆਂ ਵਿਚ ਜਾ ਕੇ ਲੰਗਰ ਦੀ ਸੇਵਾ ਕਰਦੇ। ਦੂਜਿਆਂ ਦੀ ਸੇਵਾ ਕਰਨਾ ਹੀ ਉਨ੍ਹਾਂ ਦੇ ਜੀਵਨ ਦਾ ਮਕਸਦ ਸੀ।
ਦੇਸ਼ ਦੇ ਸਭ ਤੋਂ ਅਨੁਭਵੀ ਪਾਇਲਟਾਂ 'ਚੋਂ ਇਕ ਸਨ ਮਨਦੀਪ ਸਿੰਘ ਢਿੱਲੋਂ
ਮਨਦੀਪ ਸਿੰਘ ਢਿੱਲੋਂ ਦੇਸ਼ ਦੇ ਸਭ ਤੋਂ ਅਨੁਭਵੀ ਪਾਇਲਟਾਂ 'ਚੋਂ ਇਕ ਸਨ। ਉਨ੍ਹਾਂ ਨੂੰ 4000 ਘੰਟਿਆਂ ਦਾ ਫਲਾਈਂਗ ਦਾ ਤਜ਼ੁਰਬਾ ਅਤੇ ਬਤੌਰ ਕੈਪਟਨ 1200 ਘੰਟੇ ਐਡਵਾਂਸ ਲਾਈਟ ਹੈਲੀਕਾਪਟਰ ਉਡਾਉਣ ਦਾ ਤਜ਼ੁਰਬਾ ਸੀ। ਢਿੱਲੋਂ ਫਲਾਈਟ ਇੰਸਟਰਕਟਰ ਵੀ ਸਨ। ਏਅਰਫੋਰਸ ਵਿਚ ਉਹ ਆਪਣੇ ਪਿਤਾ ਨੂੰ ਦੇਖ ਕੇ ਗਏ ਸਨ। ਉਨ੍ਹਾਂ ਦੇ ਪਿਤਾ ਸਕਵਾਰਡਨ ਲੀਡਰ ਪੀ. ਐੱਸ. ਢਿੱਲੋਂ (ਰਿਟਾਇਰਡ) ਮੀ-4 ਹੈਲੀਕਾਪਟਰ ਦੇ ਫਲਾਈਟ ਇੰਜੀਨੀਅਰ ਰਹੇ ਹਨ। ਖੁਦ ਢਿੱਲੋਂ ਰਾਸ਼ਟਰੀ ਮਿਲਟਰੀ ਕਾਲਜ ਵਿਚ ਪੜ੍ਹੇ ਸਨ। ਉੱਥੋਂ ਉਹ ਐੱਨ. ਡੀ. ਏ. ਗਏ ਅਤੇ ਫਿਰ ਏਅਰਫੋਰਸ ਅਕੈਡਮੀ। ਢਿੱਲੋਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਖੇਡਾਂ ਦਾ ਬਹੁਤ ਸ਼ੌਂਕ ਸੀ। ਦੋਸਤਾਂ ਵਿਚ ਉਹ ਮੈਂਡੀ ਦੇ ਨਾਂ ਨਾਲ ਮਸ਼ਹੂਰ ਸਨ। ਪਿਛਲੇ ਸਾਲ ਉਨ੍ਹਾਂ ਨੇ ਤਵਾਂਗ ਦੀ ਇਕ ਸੜਕ ਤੋਂ 13 ਜ਼ਖਮੀ ਜਵਾਨਾਂ ਨੂੰ ਏਅਰਲਿਫਟ ਕਰਕੇ ਬਚਾਇਆ ਸੀ। ਉੱਥੇ ਆਸ-ਪਾਸ ਕੋਈ ਹੈਲੀਪੈਡ ਨਾਲ ਹੋਣ ਕਰਕੇ ਇਹ ਬੇਹੱਦ ਮੁਸ਼ਕਿਲ ਮਿਸ਼ਨ ਸੀ।
ਪਤਨੀ ਪ੍ਰਭਪ੍ਰੀਤ ਪੇਸ਼ ਕਰ ਰਹੀ ਹੈ ਬਹਾਦਰੀ ਦੀ ਮਿਸਾਲ—
ਮਨਦੀਪ ਸਿੰਘ ਢਿੱਲੋਂ ਦੀ ਸ਼ਹਾਦਤ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਦੀ ਪਤਨੀ ਆਪਣੇ ਪਰਿਵਾਰ ਅਤੇ ਹੋਰ ਫੌਜੀ ਪਰਿਵਾਰਾਂ ਨੂੰ ਹੌਂਸਲਾ ਦੇ ਰਹੀ ਹੈ, ਉਹ ਕਾਬਿਲ-ਏ-ਤਾਰੀਫ ਹੈ। ਉਹ ਆਪਣਾ ਦੁੱਖ ਭੁਲਾ ਕੇ ਹੋਰ ਫੌਜੀ ਪਰਿਵਾਰਾਂ ਨੂੰ ਹਿੰਮਤ ਦੇ ਰਹੀ ਹੈ। ਪਟਿਆਲਾ ਦੇ ਇਸ ਲਾਲ ਦੇ ਘਰ ਦੋ ਦਿਨਾਂ ਤੋਂ ਅੰਤਮ ਅਰਦਾਸ ਚੱਲ ਰਹੀ ਹੈ। ਪੰਜਾਬ ਦੇ ਇਸ ਲਾਲ ਨੂੰ ਪੂਰੇ ਦੇਸ਼ ਵੱਲੋਂ ਕੋਟਿ-ਕੋਟਿ ਪ੍ਰਣਾਮ ਹੈ।