ਸ਼ਹੀਦ ਗੁਰਤੇਜ ਸਿੰਘ ਦਾ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਹੋਇਆ ਨਤਮਸਤਕ

06/21/2020 1:10:56 PM

ਫਤਿਹਗੜ੍ਹ ਸਾਹਿਬ (ਜਗਦੇਵ) : ਗਲਵਾਨ ਘਾਟੀ ਭਾਰਤ-ਚੀਨ ਦੀ ਸਰਹੱਦ 'ਤੇ ਹੋਈ ਖੂਨੀ ਝੜਪ ਦੌਰਾਨ ਜ਼ਿਲ੍ਹਾ ਮਾਨਸਾ ਦੇ ਸ਼ਹੀਦ ਗੁਰਤੇਜ ਸਿੰਘ ਦੇ ਸੰਸਕਾਰ ਉਪਰੰਤ ਉਸ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਤੋਂ ਬਾਅਦ ਸ਼ਹੀਦ ਦਾ ਪਰਿਵਾਰ, ਰਿਸ਼ਤੇਦਾਰ ਅਤੇ ਉਸ ਦੇ ਦੋਸਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਮ ਸਿੰਘ ਵੱਲੋਂ ਪਰਿਵਾਰ ਨੂੰ ਸਿਰਪਾਓ ਭੇਂਟ ਕੀਤੇ ਗਏ। ਇਸ ਮੌਕੇ ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਦੇਸ਼ ਦੀ ਖ਼ਾਤਰ ਸ਼ਹੀਦੀ ਪਾਈ ਹੈ, ਜਿਸ 'ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਮਾਣ ਹੈ।

ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਫਿਰ ਉਸ ਨੇ ਵਿਦੇਸ਼ ਜਾਣ ਨਾਲੋਂ ਦੇਸ਼ ਸੇਵਾ ਨੂੰ ਤਰਜੀਹ ਦਿੱਤੀ ਅਤੇ ਪਹਿਲੀ ਵਾਰ ਫ਼ੌਜ ਦੀ ਭਰਤੀ ਦੇਖਣ ਗਿਆ ਅਤੇ ਫ਼ੌਜ 'ਚ ਹੀ ਭਰਤੀ ਹੋ ਗਿਆ। ਇਸ ਮੌਕੇ ਸ਼ਹੀਦ ਗੁਰਤੇਜ ਸਿੰਘ ਦੇ ਵੱਡੇ ਭਰਾ ਤਰਲੋਕ ਸਿੰਘ ਨੇ ਕਿਹਾ ਕਿ ਗੁਰਤੇਜ ਬਚਪਨ ਤੋਂ ਹੀ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਸੀ ਅਤੇ ਹਰੇਕ ਵਿਅਕਤੀ ਨਾਲ ਬਹੁਤ ਜਲਦੀ ਘੁਲ-ਮਿਲ ਜਾਂਦਾ ਸੀ । ਉਨ੍ਹਾਂ ਦੱਸਿਆ ਕਿ ਗੁਰਤੇਜ ਨੂੰ ਫ਼ੌਜ 'ਚ ਭਰਤੀ ਹੋਇਆਂ ਨੂੰ ਕਰੀਬ ਇੱਕ ਸਾਲ ਸੱਤ ਮਹੀਨੇ ਹੀ ਹੋਏ ਸਨ ਕਿ ਉਹ ਦੇਸ਼ ਭਗਤੀ ਪ੍ਰਤੀ ਜਜ਼ਬਾ ਨਿਭਾਉਂਦਾ ਹੋਇਆ ਉਹ ਆਪਣੇ ਦੇਸ਼ ਲਈ ਸ਼ਹੀਦੀ ਪਾ ਗਿਆ।

ਸ਼ਹੀਦ ਗੁਰਤੇਜ ਸਿੰਘ ਦੀ ਮਾਸੀ ਬਲਵਿੰਦਰ ਕੌਰ  ਨੇ ਕਿਹਾ ਕਿ ਕੀ ਗੁਰਤੇਜ ਧਾਰਮਿਕ ਬਿਰਤੀ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਸੀ ਅਤੇ ਫ਼ੌਜ 'ਚ ਭਰਤੀ ਹੋਣ ਤੋਂ ਪਹਿਲਾਂ ਪਿੰਡ 'ਚ ਪਾਠ ਦੀ ਸੇਵਾ ਵੀ ਨਿਭਾਉਂਦਾ ਸੀ। ਸ਼ਹੀਦ ਗੁਰਤੇਜ ਸਿੰਘ ਦੇ ਬਚਪਨ ਦੇ ਸਾਥੀ ਦੋਸਤ ਮਿੱਤਰ ਵੀ ਗੁਰਤੇਜ ਦੀ ਸ਼ਹਾਦਤ 'ਤੇ ਫ਼ਖਰ ਮਹਿਸੂਸ ਕਰ ਰਹੇ ਹਨ। ਦੋਸਤਾਂ ਨੇ ਕਿਹਾ ਕਿ ਗੁਰਤੇਜ ਬਹੁਤ ਹੀ ਨਰਮ, ਮਿਲਾਪੜੇ ਤੇ ਮਿਲਣਸਾਰ ਸੁਭਾਅ ਦਾ ਮਾਲਕ ਸੀ ਤੇ ਉਹ ਫੌਜ 'ਚ ਭਰਤੀ ਹੋਣ ਤੋਂ ਬਾਅਦ ਸਿਰਫ ਇੱਕ ਵਾਰ ਹੀ ਛੁੱਟੀ ਕੱਟਣ ਲਈ ਪਿੰਡ ਆਇਆ ਸੀ ਅਤੇ ਇਸ ਉਪਰੰਤ ਉਹ ਦੇਸ਼ ਲਈ ਸ਼ਹੀਦੀ ਪਾ ਗਿਆ।


 


Babita

Content Editor

Related News