ਸਵਾਲਾਂ ਦੇ ਘੇਰੇ 'ਚ ਜ਼ੀਰਕਪੁਰ ਪੁਲਸ, ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕਰਨ ਦੇ ਲੱਗੇ ਦੋਸ਼
Monday, Jun 11, 2018 - 08:20 PM (IST)

ਚੰਡੀਗੜ੍ਹ (ਮਨਮੋਹਨ) : ਬੀਤੀ 25 ਅਪ੍ਰੈਲ ਨੂੰ ਸਹੁਰਿਆਂ ਤੋਂ ਦੁਖੀ ਹੋ ਕੇ ਸ਼ੱਕੀ ਹਾਲਾਤ 'ਚ ਖੁਦਕੁਸ਼ੀ ਕਰਨ ਵਾਲੀ ਨਿਸ਼ਾ ਦੇ ਪਤੀ ਅਤੇ ਸਹੁਰੇ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਸੱਸ ਅਤੇ ਦਿਓਰ ਅਜੇ ਤੱਕ ਪੁਲਸ ਹੱਥ ਨਹੀਂ ਲੱਗੇ ਹਨ। ਜਾਣਕਾਰੀ ਮੁਤਾਬਕ ਹਿਮਾਚਲ ਤੋਂ ਆਏ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਬੇਟੀ ਨਿਸ਼ਾ ਦਾ 6 ਮਹੀਨੇ ਪਹਿਲਾਂ ਮਨੀਸ਼ ਠਾਕੁਰ ਨਾਲ ਵਿਆਹ ਹੋਇਆ ਸੀ ਅਤੇ ਦੋਵੇਂ ਜ਼ੀਰਕਪੁਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ।
ਪਰਿਵਾਰਕ ਮੈਂਬਰਾਂ ਮੁਤਾਬਕ 25 ਅਪ੍ਰੈਲ ਨੂੰ ਉਨ੍ਹਾਂ ਦੀ ਟੈਲੀਫੋਨ 'ਤੇ ਨਿਸ਼ਾ ਨਾਲ ਗੱਲ ਨਹੀਂ ਹੋਈ ਅਤੇ ਸ਼ਾਮ ਨੂੰ ਮਨੀਸ਼ ਦਾ ਫੋਨ ਆ ਗਿਆ ਕਿ ਨਿਸ਼ਾ ਨੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਿਸ਼ਾ ਦੀ ਲਾਸ਼ ਨੂੰ ਲਟਕਦੀ ਹੀ ਰਹਿਣ ਦਿੱਤਾ ਜਾਵੇ ਅਤੇ ਉਹ ਸਵੇਰ ਤੱਕ ਪੁੱਜ ਜਾਣਗੇ ਪਰ ਨਿਸ਼ਾ ਦੇ ਮਾਪਿਆਂ ਦੇ ਪੁੱਜਣ ਤੋਂ ਪਹਿਲਾਂ ਹੀ ਪੁਲਸ ਨੇ ਲਾਸ਼ ਉਤਰਵਾ ਕੇ ਮੋਰਚਰੀ 'ਚ ਰਖਵਾ ਦਿੱਤੀ।
ਪਰਿਵਾਰ ਨੇ ਦੱਸਿਆ ਕਿ ਨਿਸ਼ਾ ਨੇ ਬੀ.ਐੱਸ.ਸੀ. ਨਰਸਿੰਗ ਕੀਤੀ ਹੋਈ ਸੀ ਅਤੇ ਨੌਕਰੀ ਕਰਦੀ ਸੀ ਪਰ ਉਸ ਦਾ ਸਹੁਰਾ ਪਰਿਵਾਰ ਉਸ ਕੋਲੋਂ ਦਾਜ ਦੀ ਮੰਗ ਕਰਦਾ ਸੀ। ਨਿਸ਼ਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਨਿਸ਼ਾ ਦੇ ਸਹੁਰਿਆਂ ਨੇ ਪੂਰੀ ਯੋਜਨਾ ਮੁਤਾਬਕ ਉਸ ਨੂੰ ਖੁਦਕੁਸ਼ੀ ਲਈ ਉਕਸਾ ਕੇ ਉਸ ਦਾ ਕਤਲ ਕੀਤਾ ਹੈ। ਫਿਲਹਾਲ ਪੁਲਸ ਨੇ ਸਹੁਰਿਆਂ ਖਿਲਾਫ ਧਾਰਾ-306 ਤਹਿਤ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਧਾਰਾ-302 ਤਹਿਤ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਲੜਕੀ ਨੂੰ ਮਾਰਿਆ ਗਿਆ ਹੈ ਅਤੇ ਉਸ ਨੇ ਖੁਦਕੁਸ਼ੀ ਨਹੀਂ ਕੀਤੀ।
ਇਸ ਲਈ ਪਰਿਵਾਰਕ ਮੈਂਬਰਾਂ ਨੇ ਜ਼ੀਰਕਪੁਰ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ। ਪੀੜਤ ਪਰਿਵਾਰ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਾਉਣਾ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਪੁਲਸ ਦੀ ਜਾਂਚ 'ਤੇ ਭਰੋਸਾ ਨਹੀਂ ਹੈ। ਇਸ ਮਾਮਲੇ 'ਚ ਪੀੜਤ ਪਰਿਵਾਰ ਨੇ ਪੁਲਸ 'ਤੇ ਸਿਆਸੀ ਅਤੇ ਧਨਾਢ ਲੋਕਾਂ ਦੇ ਪ੍ਰਭਾਵ 'ਚ ਕੰਮ ਕਰਨ ਦੇ ਦੋਸ਼ ਵੀ ਲਾਏ ਹਨ। ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੁਲਸ ਅਤੇ ਦੋਸ਼ੀ ਪਰਿਵਾਰ ਉਨ੍ਹਾਂ 'ਤੇ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ।