ਲੰਬੜਦਾਰ ਮਹਿੰਦਰ ਸਿੰਘ ਦੇ ਕਾਤਲ ਭਤੀਜੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Tuesday, Sep 08, 2026 - 05:40 PM (IST)
ਹਾਜੀਪੁਰ (ਜੋਸ਼ੀ) : ਹਾਜੀਪੁਰ ਦੇ ਪੜਾ ਵਿਖੇ ਹੋਏ ਸੇਵਾ ਮੁਕਤ ਅਧਿਆਪਕ ਅਤੇ ਲੰਬੜਦਾਰ ਮਹਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਭਤੀਜੇ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪੜਾ ਮੁਹੱਲਾ ਦੇ ਰਹਿਣ ਵਾਲੇ ਸੇਵਾ ਮੁਕਤ ਅਧਿਆਪਕ ਲੰਬੜਦਾਰ ਮਹਿੰਦਰ ਸਿੰਘ ਪੁੱਤਰ ਦੀਵਾਨ ਚੰਦ 'ਤੇ ਉਸ ਦੇ ਭਤੀਜੇ ਸਰਬਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਜਾਇਦਾਦ ਵਿਵਾਦ ਨੂੰ ਲੈ ਕੇ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ । ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਅਤੇ ਡੀ.ਐੱਸ.ਪੀ. ਮੁਕੇਰੀਆਂ ਕੁਲਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਾਜੀਪੁਰ ਥਾਣਾ ਮੁਖੀ ਹਰਪ੍ਰੇਮ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਮੁਲਜ਼ਮ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ ।
ਹਾਜੀਪੁਰ ਪੁਲਸ ਸਟੇਸ਼ਨ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਅਤੇ ਐੱਸ. ਐੱਚ. ਓ. ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੰਬੜਦਾਰ ਦੀ ਪਤਨੀ ਨਿਰਮਲਾ ਦੇਵੀ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਸਰਬਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ । ਤਫ਼ਤੀਸ਼ ਦੌਰਾਨ ਕਾਰਵਾਈ ਕਰਦਿਆਂ ਹਾਜੀਪੁਰ ਪੁਲਸ ਦੀ ਟੀਮ ਨੇ ਮੁਲਜ਼ਮ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।
