ਵਿਆਹ ਤੋਂ ਡੇਢ ਸਾਲ ਬਾਅਦ ਸਹੁਰਿਆਂ ਨੇ ਵਿਖਾਏ ਰੰਗ, ਅੱਕੀ ਅਧਿਆਪਕਾ ਨੇ ਉਹ ਕੀਤਾ ਜੋ ਸੋਚਿਆ ਨਾ ਸੀ
Friday, Sep 11, 2020 - 06:24 PM (IST)
ਲੁਧਿਆਣਾ (ਰਿਸ਼ੀ) : ਵਿਆਹ ਤੋਂ ਡੇਢ ਸਾਲ ਬਾਅਦ ਵੀ ਸਹੁਰਿਆਂ ਵੱਲੋਂ ਦਾਜ ਵਿਚ ਗੱਡੀ ਲਿਆਉਣ ਦੀ ਮੰਗ ਸਬੰਧੀ ਤੰਗ-ਪ੍ਰੇਸ਼ਾਨ ਹੋਣ ਨਾਲ ਕੂਮ ਕਲਾਂ ਸਥਿਤ ਸਰਕਾਰੀ ਅਧਿਆਪਕ ਦਵਿੰਦਰ ਕੌਰ (29) ਦੀ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ ਹੋ ਗਈ। ਡਵੀਜ਼ਨ ਨੰ.7 ਦੀ ਪੁਲਸ ਨੇ ਮ੍ਰਿਤਕਾ ਦੀ ਮਾਂ ਸ਼ਿੰਦਰ ਕੌਰ ਨਿਵਾਸੀ ਡਾਬਾ ਦੇ ਬਿਆਨ 'ਤੇ ਪਤੀ ਅਤਿੰਦਰਪਾਲ ਸਿੰਘ ਨਿਵਾਸੀ ਸੁਖਦੇਵ ਨਗਰ, ਸਹੁਰਾ ਤਰਲੋਚਨ ਸਿੰਘ ਅਤੇ ਸੱਸ ਸ਼ਿੰਦਰ ਕੌਰ ਖ਼ਿਲਾਫ਼ ਦਾਜ ਕਤਲ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਚ. ਓ. ਸਤਵੀਰ ਸਿੰਘ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਉਕਤ ਮੁਲਜ਼ਮ ਨਾਲ ਫਰਵਰੀ 2019 ਵਿਚ ਕੀਤਾ ਸੀ। ਵਿਆਹ ਵਿਚ ਧੀ ਨੂੰ ਸੋਨੇ ਤੋਂ ਲੈ ਕੇ ਹਰ ਸਾਮਾਨ ਦਿੱਤਾ। ਲਗਭਗ 10 ਮਹੀਨੇ ਪਹਿਲਾਂ ਧੀ ਨੇ ਇਕ ਲੜਕੀ ਨੂੰ ਜਨਮ ਦਿੱਤਾ। ਬੇਟੀ ਸਰਕਾਰੀ ਅਧਿਆਪਕ ਸੀ, ਜਦਕਿ ਸਹੁਰਿਆਂ ਨੇ ਦੱਸਿਆ ਸੀ ਕਿ ਅਤਿੰਦਰਪਾਲ ਅਕਾਊਂਟੈਂਟ ਦਾ ਕੰਮ ਕਰਦਾ ਹੈ ਪਰ ਉਹ ਕੋਈ ਕੰਮ ਨਹੀਂ ਕਰਦਾ। ਵਿਆਹ ਤੋਂ ਬਾਅਦ ਹੀ ਉਨ੍ਹਾਂ ਦੀ ਧੀ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਆਮ ਕਰ ਕੇ ਸਹੁਰਿਆਂ ਵੱਲੋਂ ਇਸ ਗੱਲ ਦੇ ਤਾਹਨੇ ਮਾਰੇ ਜਾਂਦੇ ਸਨ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਹੈ, ਜਿਸ ਨੂੰ ਦਾਜ ਵਿਚ ਗੱਡੀ ਵੀ ਨਹੀਂ ਦਿੱਤੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਭਰੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ
ਮੰਗਲਵਾਰ ਨੂੰ ਵੀ ਧੀ ਪੇਕੇ ਘਰੋਂ ਸਹੁਰੇ ਆਈ ਸੀ ਅਤੇ ਬੁੱਧਵਾਰ ਸਵੇਰੇ ਆਪਣੀ ਡਿਊਟੀ 'ਤੇ ਸਕੂਲ ਗਈ। ਛੁੱਟੀ ਹੋਣ 'ਤੇ ਮਾਂ ਨਾਲ ਮੋਬਾਇਲ 'ਤੇ ਗੱਲ ਕੀਤੀ ਪਰ ਰਾਤ 11.30 ਵਜੇ ਮੁਲਜ਼ਮ ਪਤੀ ਨੇ ਫੋਨ ਕਰ ਕੇ ਉਨ੍ਹਾਂ ਦੀ ਧੀ ਵੱਲੋਂ ਜ਼ਹਿਰੀਲੀ ਚੀਜ਼ ਨਿਕਲਣ ਦੀ ਸੂਚਨਾ ਦਿੱਤੀ ਅਤੇ ਇਲਾਜ ਲਈ ਸੀ. ਐੱਮ. ਸੀ. ਹਸਪਤਾਲ ਲਿਜਾਣ ਬਾਰੇ ਦੱਸਿਆ। ਮਾਂ ਮੁਤਾਬਕ ਹਸਪਤਾਲ ਪੁੱਜਣ 'ਤੇ ਧੀ ਨੇ ਸਹੁਰਿਆਂ ਵੱਲੋਂ ਜ਼ਹਿਰੀਲਾ ਪਦਾਰਥ ਦੇਣ ਦੀ ਗੱਲ ਕਹੀ। ਕੁਝ ਸਮੇਂ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਠੱਗੀ ਦਾ ਨਵਾਂ ਪੈਂਤੜਾ, ਪੁਲਸ ਅਫ਼ਸਰ ਵੀ ਹੋਇਆ ਸ਼ਿਕਾਰ, ਹੈਰਾਨ ਕਰ ਦੇਵੇਗੀ ਪੂਰੀ ਘਟਨਾ
ਗ੍ਰਿਫਤਾਰੀ 'ਤੇ ਅੜੇ ਪਰਿਵਾਰ ਵਾਲੇ, ਮੌਰਚਰੀ 'ਚ ਰਖਵਾਈ ਲਾਸ਼
ਵੀਰਵਾਰ ਸਵੇਰੇ ਪਰਿਵਾਰ ਵਾਲਿਆਂ ਵੱਲੋਂ ਪੋਸਟਮਾਰਟਮ ਤੋਂ ਬਾਅਦ ਲਾਸ਼ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ ਗਿਆ। ਪਰਿਵਾਰ ਦੀ ਮੰਗ ਸੀ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਹ ਸਸਕਾਰ ਨਹੀਂ ਕਰਨਗੇ। ਦੇਰ ਸ਼ਾਮ ਪੁਲਸ ਵੱਲੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂਕਿ ਲਾਸ਼ ਹਾਲ ਦੀ ਘੜੀ ਮੌਰਚਰੀ 'ਚ ਰਖਵਾਈ ਗਈ ਹੈ। ਸ਼ੁੱਕਰਵਾਰ ਨੂੰ ਪਰਿਵਾਰ ਲਾਸ਼ ਦਾ ਸਸਕਾਰ ਕਰਨਗੇ।
ਇਹ ਵੀ ਪੜ੍ਹੋ : ਲੁਟੇਰਿਆਂ ਨੂੰ ਦਿਨੇ ਤਾਰੇ ਦਿਖਾਉਣ ਵਾਲੀ ਜਲੰਧਰ ਦੀ ਕੁਸਮ ਲਈ ਸਿਮਰਜੀਤ ਬੈਂਸ ਦਾ ਵੱਡਾ ਐਲਾਨ