ਵਿਆਹ ਤੋਂ ਪੰਜ ਦਿਨ ਪਹਿਲਾਂ ਲਾਪਤਾ ਹੋਇਆ ਪੰਜਾਬ ਪੁਲਸ ਦਾ ਜਵਾਨ (ਵੀਡੀਓ)

11/24/2019 6:25:45 PM

ਖਮਾਣੋਂ (ਜਟਾਣਾ) : ਪਿੰਡ ਮਨੈਲਾ ਵਾਸੀ ਪੰਜਾਬ ਪੁਲਸ ਦਾ ਮੁਲਾਜ਼ਮ ਜੋ ਆਪਣੇ ਵਿਆਹ ਤੋਂ ਪੰਜ ਦਿਨ ਪਹਿਲਾਂ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਇਸ ਸਬੰਧੀ ਪਿੰਡ ਮਨੈਲਾ ਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਸਕਾ ਭਰਾ ਜਗਦੀਪ ਸਿੰਘ ਉਰਫ ਬੱਬੀ ਪੁੱਤਰ ਹਰਨੇਕ ਸਿੰਘ 2016 ਵਿਚ ਪੰਜਾਬ ਪੁਲਸ 'ਚ ਭਰਤੀ ਹੋਇਆ ਸੀ, ਜਿਸ ਦੀ 26 ਨਵੰਬਰ ਦਿਨ ਮੰਗਲਵਾਰ 2019 ਨੂੰ ਬਰਾਤ ਚੜ੍ਹਨੀ ਸੀ। ਅੱਜਕਲ ਜਗਦੀਪ ਸਿੰਘ ਸੁਲਤਾਨਪੁਰ ਲੋਧੀ ਡਿਊਟੀ ਕਰਨ ਉਪਰੰਤ ਆਪਣੇ ਵਿਆਹ ਕਾਰਨ ਇਕ ਮਹੀਨੇ ਦੀ ਛੁੱਟੀ 'ਤੇ ਆਇਆ ਹੋਇਆ ਸੀ। ਮਨਪ੍ਰੀਤ ਸਿੰਘ ਨੇ ਦੱਸਿਆ ਕਿ 21 ਨਵੰਬਰ ਨੂੰ ਜਗਦੀਪ ਸਿੰਘ, ਮੇਰੇ ਪਿਤਾ ਹਰਨੇਕ ਸਿੰਘ ਅਤੇ ਮੈਂ ਪਰਾਲੀ ਢੋਅ ਰਹੇ ਸੀ, ਜਿਵੇਂ ਹੀ ਅਸੀਂ ਖੇਤ 'ਚੋਂ ਪਰਾਲੀ ਦੀ ਟਰਾਲੀ ਭਰ ਕੇ ਪਿੰਡ ਵੱਲ ਆ ਰਹੇ ਸੀ ਤਾਂ ਜਗਦੀਪ ਸਿੰਘ ਨੇ ਟਰਾਲੀ ਦੇ ਪਿੱਛੇ-ਪਿੱਛੇ ਮੋਟਰਸਾਈਕਲ 'ਤੇ ਆਉਣਾ ਸੀ ਪਰ ਉਹ ਘਰ ਨਹੀਂ ਪਹੁੰਚਿਆ।

PunjabKesari

ਇਸ ਦੌਰਾਨ ਉਨ੍ਹਾਂ ਕਾਫੀ ਦੇਰ ਉਸ ਦੀ ਉਡੀਕ ਕੀਤੀ ਜਦੋਂ 6 ਵਜੇ ਤੱਕ ਵੀ ਉਹ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਕੀਤੀ ਗਈ ਪਰ ਉਹ ਨਾ ਮਿਲਿਆ, ਜਿਸ ਤੋਂ ਬਾਅਦ ਅਸੀਂ ਖਮਾਣੋਂ ਪੁਲਸ ਸਟੇਸ਼ਨ 'ਚ ਇਤਲਾਹ ਦਿੱਤੀ। ਅਸੀਂ ਉਸਦੀ ਭਾਲ ਕਰਦਿਆਂ ਪਿੰਡ ਖੰਟ ਭਾਖੜਾ ਨਹਿਰ ਦੇ ਹੇਠਲੇ ਪੁੱਲ ਥੱਲੇ ਪਹੁੰਚੇ, ਉਥੇ ਉਸ ਦਾ ਸੀ. ਟੀ.-100 ਮੋਟਰਸਾਈਕਲ ਖੜਾ ਮਿਲਿਆ, ਜਿਸ ਦੀ ਚਾਬੀ ਵੀ ਮੋਟਰਸਾਈਕਲ ਵਿਚ ਹੀ ਸੀ। ਪੁਲਸ ਦੇ ਕਹਿਣ 'ਤੇ ਮੋਟਰਸਾਈਕਲ ਅਸੀਂ ਆਪਣੇ ਘਰ ਲਿਆਂਦਾ ਪਰ ਨੌਜਵਾਨ ਦਾ ਅੱਜ ਖਬਰ ਲਿਖਣ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਜਦੋਂ ਇਸ ਸਬੰਧੀ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਭਾਲ ਕਰਨ ਲਈ ਪੁਲਸ ਤੇਜ਼ੀ ਨਾਲ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਹੀ ਹੈ।


Gurminder Singh

Content Editor

Related News