ਨਾਬਾਲਗ ਕੁੜੀ ਦਾ ਰੋਕਿਆ ਵਿਆਹ, ਬਚਾਈ ਜ਼ਿੰਦਗੀ
Thursday, Sep 18, 2025 - 04:23 PM (IST)

ਫਾਜਿਲਕਾ (ਨਾਗਪਾਲ) : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫਾਜ਼ਿਲਕਾ ਅਨੂਪ੍ਰਿਆ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਜ਼ਿਲ੍ਹਾ ਫਾਜ਼ਿਲਕਾ ਦੀ ਇਕ ਹੋਰ ਧੀ ਦਾ ਬਾਲ ਵਿਆਹ ਰੁਕਵਾ ਕੇ ਉਸ ਦੀ ਜ਼ਿੰਦਗੀ ਬਚਾਈ। ਜ਼ਿਲ੍ਹੇ ’ਚ ਇਕ 17 ਸਾਲ ਦੀ ਨਾਬਾਲਗ ਕੁੜੀ ਦਾ ਵਿਆਹ 33 ਸਾਲ ਦੇ ਮੁੰਡੇ ਨਾਲ ਹੋਣ ਜਾ ਰਿਹਾ ਸੀ। ਵਿਆਹ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਪੂਰੀ ਟੀਮ ਵੱਲੋਂ ਬੱਚੀ ਦੇ ਪਿੰਡ ਜਾ ਕੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਅਤੇ ਮੁੰਡੇ ਦੇ ਪਰਿਵਾਰ ਨਾਲ ਤਾਲਮੇਲ ਕੀਤਾ। ਦੋਹਾਂ ਧਿਰਾਂ ਨੂੰ ਇਸ ਬਾਲ ਵਿਆਹ ਨੂੰ ਨਾ ਕਰਨ ਲਈ ਸਖ਼ਤ ਹੁਕਮ ਦਿੱਤੇ ਅਤੇ ਬੱਚੀ ਦੀ ਅਗਲੇਰੀ ਪੜ੍ਹਾਈ ਜਾਰੀ ਰੱਖਣ ਲਈ ਸਮਝਾਇਆ ਗਿਆ।
ਮੌਕੇ ’ਤੇ ਹਾਜ਼ਰ ਪਿੰਡ ਦੇ ਸਰਪੰਚ, ਆਂਗਣਵਾੜੀ ਵਰਕਰ ਅਤੇ ਪੁਲਸ ਮੁਲਾਜ਼ਮਾਂ ਨੂੰ ਬੱਚੀ ਦਾ ਲਗਾਤਾਰ ਧਿਆਨ ਰੱਖਣ ਲਈ ਕਿਹਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਫਾਜ਼ਿਲਕਾ ਨੇ ਦੋਹਾਂ ਧਿਰਾਂ ਨੂੰ ਸਮਝਾਇਆ ਕਿ ਵਿਆਹ ਲਈ ਸਰਕਾਰ ਵੱਲੋਂ ਮੁੰਡੇ ਦੀ ਉਮਰ 21 ਸਾਲ ਅਤੇ ਕੁੜੀ ਦੀ ਉਮਰ 18 ਸਾਲ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਨਾਬਾਲਗ ਕੁੜੀ ਜਾਂ ਮੁੰਡੇ ਦਾ ਵਿਆਹ ਕਰਵਾਉਂਦਾ ਹੈ ਤਾਂ ਦੋਹਾਂ ਪਰਿਵਾਰਾਂ, ਵਿਆਹ ਕਰਵਾਉਣ ਵਾਲੇ ਗ੍ਰੰਥੀ, ਫੋਟੋਗ੍ਰਾਫਰ ਅਤੇ ਇਸ ਵਿਆਹ ’ਚ ਸ਼ਾਮਲ ਹੋਣ ਵਾਲੇ ਸਾਰਿਆਂ 'ਤੇ ਐੱਫ. ਆਈ. ਆਰ. ਦਰਜ ਕੀਤੀ ਜਾਂਦੀ ਹੈ। ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜ਼ਿਲ੍ਹਾ ਫਾਜ਼ਿਲਕਾ ’ਚ ਸਾਲ 2016 ਤੋਂ 0 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਆਪਣੀ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਨੇ ਅਜਿਹੇ ਕਈ ਬੱਚਿਆਂ ਨੂੰ ਬਚਾ ਕੇ ਉਨ੍ਹਾਂ ਦੀ ਜ਼ਿੰਦਗੀ ਸਵਾਰੀ ਹੈ। ਇਸ ਮੌਕੇ ਸੁਪਰਵਾਇਜ਼ਰ ਦਰੋਪਤੀ, ਪੁਲਸ ਵਿਭਾਗ, ਸਿੱਖਿਆ ਵਿਭਾਗ, ਬਾਲ ਸੁਰੱਖਿਆ ਅਫ਼ਸਰ ਕੌਸ਼ਲ, ਭੁਪਿੰਦਰਦੀਪ ਸਿੰਘ, ਜਸਵਿੰਦਰ ਕੌਰ ਸ਼ਾਮਲ ਸਨ।