ਜਲੰਧਰ ਵਿਚ ਬੇਖ਼ੌਫ਼ ਲੁਟੇਰਿਆਂ ਨੇ ਲੁੱਟੀ 'ਡੋਲੀ' ਵਾਲੀ ਕਾਰ
Friday, Nov 26, 2021 - 01:18 PM (IST)
ਜਲੰਧਰ (ਸੁਨੀਲ)– ਲੁਟੇਰਿਆਂ ਨੇ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਡੋਲੀ ਵਾਲੀ ਕਾਰ ਲੁੱਟ ਲਈ ਅਤੇ ਫ਼ਰਾਰ ਹੋ ਗਏ। ਇਹ ਵਾਰਦਾਤ ਵੀਰਵਾਰ ਰਾਤ ਨੂੰ ਵਾਪਰੀ। ਥਾਣਾ ਮਕਸੂਦਾਂ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਵਿੰਦਰ ਕੁਮਾਰ ਪੁੱਤਰ ਹਰਪ੍ਰੀਤ ਲਾਲ ਨਿਵਾਸੀ ਮਲਕੋ ਤਰਾੜ ਥਾਣਾ ਲਾਂਬੜਾ ਵੀਰਵਾਰ ਸਵੇਰੇ ਪਿੰਡ ਈਸਪੁਰ ਤੋਂ ਡੋਲੀ ਵਾਲੀ ਕਾਰ (ਪੀ. ਬੀ. 08 ਈ. ਸੀ-3968) ਲੈ ਕੇ ਮੰਡ ਇਲਾਕੇ ਵਿਚ ਇਕ ਪੈਲੇਸ ਵਿਚ ਗਿਆ ਸੀ।
ਦਵਿੰਦਰ ਨੇ ਦੱਸਿਆ ਕਿ ਸ਼ਾਮੀਂ ਉਹ ਲਾੜਾ-ਲਾੜੀ ਨੂੰ ਉਨ੍ਹਾਂ ਦੇ ਘਰ ਪਿੰਡ ਈਸਪੁਰ ਛੱਡ ਕੇ ਵਾਪਸ ਜਾ ਰਿਹਾ ਸੀ। ਇਸ ਦੌਰਾਨ ਉਹ ਰਸਤੇ ਵਿਚ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਸਥਿਤ ਡਿਪਸ ਸਕੂਲ ਦੀ ਗਰਾਊਂਡ ਨੇੜੇ ਆਪਣੇ ਦੋਸਤ ਨੂੰ ਇਕ ਹਜ਼ਾਰ ਰੁਪਏ ਦੇਣ ਲਈ ਰੁਕਿਆ। ਉਸ ਦੀ ਕਾਰ ਰੁਕਦੇ ਹੀ ਮੋਟਰਸਾਈਕਲ ਸਵਾਰ 3 ਅਤੇ ਪੈਦਲ ਆਏ 2 ਲੁਟੇਰਿਆਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿਚੋਂ ਬਾਹਰ ਖਿੱਚ ਲਿਆ ਅਤੇ ਹੇਠਾਂ ਸੁੱਟ ਕੇ ਲੋਹੇ ਦੀਆਂ ਰਾਡਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਆਪਣੀ ਜਾਨ ਬਚਾਉਣ ਲਈ ਉਹ ਬੜੀ ਮੁਸ਼ਕਿਲ ਨਾਲ ਉਥੋਂ ਭੱਜ ਨਿਕਲਿਆ। ਇਸ ਤੋਂ ਬਾਅਦ 4 ਲੁਟੇਰੇ ਉਸ ਦੀ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ ਅਤੇ ਇਕ ਲੁਟੇਰਾ ਮੋਟਰਸਾਈਕਲ ’ਤੇ ਚਲਾ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਰਿਸ਼ਤੇ ਹੋਏ ਤਾਰ-ਤਾਰ, ਭਰਾ ਹੀ ਬਣਾਉਂਦਾ ਰਿਹਾ ਸਕੀ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ
ਉਸ ਨੇ ਆਪਣੇ ਮਾਲਕ ਨੂੰ ਫੋਨ ਕਰਕੇ ਘਟਨਾ ਬਾਰੇ ਸੂਚਨਾ ਦਿੱਤੀ। ਮਾਲਕ ਵੱਲੋਂ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਥਾਣਾ ਨੰਬਰ 1 ਅਤੇ ਥਾਣਾ ਮਕਸੂਦਾਂ ਦੀ ਪੁਲਸ ਮੌਕੇ ’ਤੇ ਪੁੱਜੀ। ਦੋਵਾਂ ਥਾਣਿਆਂ ਦੀ ਪੁਲਸ ਹੱਦਬੰਦੀ ਨੂੰ ਲੈ ਕੇ ਲਗਭਗ ਇਕ ਘੰਟਾ ਉਲਝੀ ਰਹੀ। ਬਾਅਦ ਵਿਚ ਦਿਹਾਤੀ ਦੇ ਐੱਸ. ਪੀ. (ਡੀ) ਕੰਵਲਪ੍ਰੀਤ ਸਿੰਘ, ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਰੰਧਾਵਾ, ਡੀ. ਐੱਸ. ਪੀ. ਹਰਵਿੰਦਰ ਸਿੰਘ ਭੱਲਾ, ਥਾਣਾ ਕਰਤਾਰਪੁਰ ਦੇ ਐੱਸ. ਐੱਚ. ਓ. ਰਾਜੀਵ ਕੁਮਾਰ, ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਕੰਵਰਜੀਤ ਬੱਲ ਅਤੇ ਸੀ. ਆਈ. ਏ. ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ। ਇਸ ਤੋਂ ਬਾਅਦ ਥਾਣਾ ਮਕਸੂਦਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਖਬਰ ਲਿਖੇ ਜਾਣ ਤੱਕ ਪੁਲਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਵਿਚ ਲੱਗੀ ਹੋਈ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਦਾ ਰੇਤ ਮਾਫ਼ੀਆ 'ਤੇ ਸਖ਼ਤ ਐਕਸ਼ਨ, ਕੀਤਾ ਇਹ ਵੱਡਾ ਐਲਾਨ
ਮਕਸੂਦਾਂ ਥਾਣੇ ਦੇ ਇਲਾਕੇ ’ਚ ਨਹੀਂ ਹੈ ਕੋਈ ਨਾਕਾ
ਥਾਣਾ ਮਕਸੂਦਾਂ ਦੇ ਇਲਾਕੇ ਵਿਚ ਅਕਸਰ ਲੁੱਟਖੋਹ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਇਲਾਕੇ ਵਿਚ ਪੁਲਸ ਦਾ ਕੋਈ ਵੀ ਪੱਕਾ ਨਾਕਾ ਨਹੀਂ ਲੱਗਾ। ਇਸੇ ਕਾਰਨ ਲੁਟੇਰੇ ਬੇਖ਼ੌਫ਼ ਹੋ ਕੇ ਇਲਾਕੇ ਵਿਚ ਰੋਜ਼ਾਨਾ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਲੁਟੇਰਿਆਂ ਦੀ ਨਕੇਲ ਕੱਸਣ ਲਈ ਇਲਾਕੇ ਵਿਚ ਪੁਲਸ ਦੀ ਨਾਕਾਬੰਦੀ ਵਧਾਈ ਜਾਵੇ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, 10 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ