ਵਿਆਹ ਦਾ ਸਰਟੀਫਿਕੇਟ ਫਰਜ਼ੀ ਨਿਕਲਣ ''ਤੇ ਨਹੀਂ ਮਿਲੇਗੀ ਸੁਰੱਖਿਆ
Friday, Jul 27, 2018 - 02:41 PM (IST)
ਤਪਾ ਮੰਡੀ(ਢੀਂਗਰਾ)— ਘਰੋਂ ਭੱਜ ਕੇ ਆਪਣੇ ਮਾਂ-ਬਾਪ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਨ ਵਾਲੇ ਜੋੜਿਆਂ ਲਈ ਚੰਗੀ ਖ਼ਬਰ ਨਹੀਂ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਰਮਿੰਦਰਾ ਜੈਨ ਨੇ ਇਕ ਹੁਕਮ ਜਾਰੀ ਕਰ ਕੇ ਉਨ੍ਹਾਂ ਸਰਟੀਫਿਕੇਟਾਂ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜੋ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀਆਂ, ਮੰਦਰਾਂ ਦੇ ਪੁਜਾਰੀਆਂ, ਪੁਰੋਹਿਤਾਂ ਜਾਂ ਫਿਰ ਕਿਸੇ ਧਾਰਮਿਕ ਸੰਸਥਾ ਨੇ ਮੋਟੇ ਪੈਸੇ ਲੈ ਕੇ ਵਿਆਹ ਕਰਵਾਉਣ ਸਬੰਧੀ ਜਾਰੀ ਕੀਤੇ ਹਨ।
ਐੱਸ. ਏ. ਐੱਸ. ਨਗਰ ਦੇ ਇਕ ਪਿੰਡ ਦੇ ਜੋੜੇ ਵਲੋਂ ਵਿਆਹ ਕਰਵਾਉਣ ਤੋਂ ਬਾਅਦ ਸੁਰੱਖਿਆ ਲੈਣ ਸਬੰਧੀ ਪਾਈ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਮਾਣਯੋਗ ਜੱਜ ਨੇ ਉਕਤ ਸਰਟੀਫਿਕੇਟ ਦੀ ਸੱਚਾਈ ਜਾਣਨ ਲਈ ਐੱਸ. ਐੱਸ. ਪੀ. ਮੋਹਾਲੀ ਨੂੰ ਹੁਕਮ ਦਿੱਤੇ, ਜੋ ਕਿ ਗ੍ਰੰਥੀ ਨੇ ਇਸ ਜੋੜੇ ਨੂੰ ਵਿਆਹ ਉਪਰੰਤ ਜਾਰੀ ਕੀਤਾ ਸੀ। ਮਾਣਯੋਗ ਜੱਜ ਨੇ ਕਿਹਾ ਕਿ ਹਾਈਕੋਰਟ 'ਚ ਹਰ ਰੋਜ਼ ਅਜਿਹੀਆਂ ਬਹੁਤ ਸਾਰੀਆਂ ਪਟੀਸ਼ਨਾਂ ਦਾਖਲ ਹੋ ਰਹੀਆਂ ਹਨ ਅਤੇ ਇਸ ਤਰ੍ਹਾਂ ਲਗਦਾ ਹੈ ਕਿ ਵਿਆਹ ਇਕ ਵਪਾਰ ਬਣ ਕੇ ਰਹਿ ਗਿਆ ਹੈ ਕਿਉਂਕਿ ਕਈ ਵਿਅਕਤੀ ਇਸ ਧੰਦੇ ਵਿਚ ਆਪਣੇ ਹੱਥ ਰੰਗ ਰਹੇ ਹਨ। ਉਨ੍ਹਾਂ ਹੁਕਮ ਜਾਰੀ ਕੀਤਾ ਕਿ ਹਿੰਦੂ ਮੈਰਿਜ ਐਕਟ ਜਾਂ ਹੋਰ ਕਿਸੇ ਵੀ ਐਕਟ 'ਚ ਜਾਰੀ ਕੀਤੇ ਗਏ ਸਰਟੀਫਿਕੇਟ ਦੀ ਪਹਿਲਾਂ ਜਾਂਚ ਹੋਵੇਗੀ ਅਤੇ ਫਿਰ ਇਸ 'ਤੇ ਅਗਲੀ ਸੁਣਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੋਹਾਲੀ ਦੇ ਇਕ ਪਿੰਡ ਦੇ ਜੋੜੇ ਨੇ ਵਿਆਹ ਉਪਰੰਤ ਸੁਰੱਖਿਆ ਲੈਣ ਲਈ ਹਾਈਕੋਰਟ ਵਿਚ ਇਕ ਪਟੀਸ਼ਨ ਪਾਈ ਅਤੇ ਪਟੀਸ਼ਨ ਨਾਲ ਲਾਏ ਜ਼ਰੂਰੀ ਕਾਗਜ਼ਾਤ ਦੇ ਨਾਲ-ਨਾਲ ਗ੍ਰੰਥੀ ਵਲੋਂ ਲਾਇਆ ਵਿਆਹ ਦਾ ਸਰਟੀਫਿਕੇਟ ਫਰਜ਼ੀ ਨਿਕਲਿਆ। ਇਸ ਮਾਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਮਾਣਯੋਗ ਅਦਾਲਤ ਨੇ ਕੁਝ ਹੋਰ ਸਰਟੀਫਿਕੇਟਾਂ ਦੀ ਜਾਂਚ ਦੇ ਹੁਕਮ ਜ਼ਿਲਿਆਂ ਦੇ ਪੁਲਸ ਮੁਖੀਆਂ ਨੂੰ ਦਿੱਤੇ।
