ਵਿਆਹੁਤਾ ਨੇ ਤੇਲ ਪਾ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਦਿੱਤੇ ਬਿਆਨਾਂ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ

Wednesday, Oct 13, 2021 - 06:20 PM (IST)

ਵਿਆਹੁਤਾ ਨੇ ਤੇਲ ਪਾ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਦਿੱਤੇ ਬਿਆਨਾਂ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਅਰਬਨ ਅਸਟੇਟ ਦੀ ਰਹਿਣ ਵਾਲੀ ਕਵਿਤਾ ਨਾਮ ਦੀ ਇਕ ਜਨਾਨੀ ਨੇ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ, ਜਿਸ ਦੀ ਪੀ.ਜੀ.ਆਈ. ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿਚ ਮਰਨ ਤੋਂ ਪਹਿਲਾਂ ਕਵਿਤਾ ਵੱਲੋਂ ਦਿੱਤੇ ਬਿਆਨਾ ਦੇ ਆਧਾਰ ’ਤੇ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਉਸ ਦੇ ਪਤੀ ਜਤਿੰਦਰ ਸ਼ਰਮਾ ਪੁੱਤਰ ਮੁਖੀ ਰਾਮ ਵਾਸੀ ਅਰਬਨ ਅਸਟੇਟ ਪਟਿਆਲਾ ਦੇ ਖ਼ਿਲਾਫ਼ 306 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਮਰਨ ਤੋਂ ਪਹਿਲਾਂ ਕਵਿਤਾ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਉਸ ਦੀ ਕਿਸੇ ਲੜਕੇ ਨਾਲ ਗੱਲਬਾਤ ਸੀ ਅਤੇ ਉਸ ਨੂੰ ਜਦੋਂ ਲੱਗਾ ਤਾਂ ਉਸ ਨੇ ਕਵਿਤਾ ਦੀ ਕਾਫੀ ਜ਼ਿਆਦਾ ਕੁੱਟਮਾਰ ਕੀਤੀ। ਜਦੋਂ ਕਵਿਤਾ ਨੇ ਇਸ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਮੁਆਫੀ ਮੰਗ ਲਈ ਸੀ ਅਤੇ 6 ਜੂਨ ਨੂੰ ਫਿਰ ਤੋਂ ਜਤਿੰਦਰ ਨੇ ਕਵਿਤਾ ਦੀ ਕੁੱਟਮਾਰ ਕੀਤੀ ਅਤੇ ਫਿਰ ਪੰਚਾਇਤੀ ਰਾਜ਼ੀਨਾਮਾ ਕਰ ਲਿਆ।

ਇਸ ਤਰ੍ਹਾਂ ਲਗਾਤਾਰ ਜਤਿੰਦਰ ਉਸ ਦੀ ਕੁੱਟਮਾਰ ਕਰਦਾ ਆ ਰਿਹਾ ਸੀ। 3 ਅਕਤੂਬਰ ਨੂੰ ਫਿਰ ਤੋਂ ਜਤਿੰਦਰ ਨੇ ਕਵਿਤਾ ਨਾਲ ਕਾਫੀ ਜ਼ਿਆਦਾ ਗਾਲੀ-ਗਲੋਚ ਕੀਤੀ ਅਤੇ ਅਪਸ਼ਬਦ ਬੋਲੇ। ਜਿਸ ਤੋਂ ਦੁਖੀ ਹੋ ਕੇ ਉਸ ਨੇ ਤਾਰਪੀਨ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਜਿਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਇਹ ਬਿਆਨ ਮ੍ਰਿਤਕਾ ਨੇ ਆਪਣੇ ਮਰਨ ਤੋਂ ਪਹਿਲਾਂ ਪੀ.ਜੀ.ਆਈ. ਵਿਚ ਦਿੱਤੇ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News