ਵਿਆਹ ਦਾ ਝਾਂਸਾ ਦੇ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ, ਗਰਭਵਤੀ ਹੋਣ ’ਤੇ ਵਿਆਹ ਤੋਂ ਮੁੱਕਰਿਆ

05/01/2022 11:53:55 AM

ਲੁਧਿਆਣਾ (ਰਾਜ) : ਤਲਾਕਸ਼ੁਦਾ ਜਨਾਨੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਵਿਅਕਤੀ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਔਰਤ ਗਰਭਵਤੀ ਹੋ ਗਈ ਤਾਂ ਉਹ ਵਿਆਹ ਤੋਂ ਮੁੱਕਰ ਗਿਆ। ਔਰਤ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਇਸ ਕੇਸ ਵਿਚ ਧਰਮਪੁਰਾ ਦੇ ਰਹਿਣ ਵਾਲੇ ਜਸਵੀਰ ਕੁਮਾਰ ਖ਼ਿਲਾਫ ਜਬਰ-ਜ਼ਿਨਾਹ ਦਾ ਪਰਚਾ ਦਰਜ ਕੀਤਾ ਹੈ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਆਪਣੇ ਪਤੀ ਨਾਲ ਨਹੀਂ ਬਣਦੀ ਸੀ। ਇਸ ਲਈ ਉਨ੍ਹਾਂ ਨੇ ਪੰਚਾਇਤੀ ਤੌਰ ’ਤੇ ਤਲਾਕ ਲੈ ਲਿਆ ਅਤੇ ਆਪਣਾ ਵੱਖ-ਵੱਖ ਰਹਿਣ ਲੱਗ ਗਏ ਸਨ। ਉਸ ਦਾ ਤਲਾਕ ਹੋਏ 2 ਸਾਲ ਬੀਤ ਗਏ ਹਨ।

ਇਸ ਦੌਰਾਨ ਸਾਲ 2020 ਵਿਚ ਉਹ ਇੰਡਸਟਰੀ ਏਰੀਆ ਵਿਚ ਕੰਮ ਕਰਦੀ ਸੀ। ਉਸ ਦੌਰਾਨ ਉਸ ਦੀ ਮੁਲਾਕਾਤ ਜਸਵੀਰ ਕੁਮਾਰ ਨਾਲ ਹੋਈ ਸੀ। ਜਸਵੀਰ ਨੇ ਉਸ ਨੂੰ ਝਾਂਸਾ ਦਿੱਤਾ ਕਿ ਉਹ ਉਸ ਨਾਲ ਵਿਆਹ ਕਰੇਗਾ ਅਤੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਹੁਣ ਉਹ ਗਰਭਵਤੀ ਹੋ ਗਈ। ਉਸ ਦੇ ਪੇਟ ਵਿਚ 8 ਮਹੀਨਿਆਂ ਦਾ ਗਰਭ ਹੈ। ਗਰਭਵਤੀ ਹੋਣ ਤੋਂ ਬਾਅਦ ਵਾਰ-ਵਾਰ ਉਹ ਜਸਵੀਰ ਨੂੰ ਵਿਆਹ ਕਰਨ ਲਈ ਕਹਿ ਰਹੀ ਸੀ ਪਰ ਹੁਣ ਮੁਲਜ਼ਮ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਸ ਨੂੰ ਮਿਲਣਾ ਵੀ ਬੰਦ ਕਰ ਦਿੱਤਾ। ਉਧਰ, ਪੁਲਸ ਮੁਤਾਬਕ ਅਜੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।


Gurminder Singh

Content Editor

Related News