ਵਿਆਹ ਤੋਂ ਬਾਅਦ 25-30 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਪਰਿਵਾਰ ਨੇ ਕਿਹਾ ਕੀਤਾ ਜਾਵੇ ਡਿਪੋਰਟ

Sunday, Jul 11, 2021 - 11:07 PM (IST)

ਵਿਆਹ ਤੋਂ ਬਾਅਦ 25-30 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਪਰਿਵਾਰ ਨੇ ਕਿਹਾ ਕੀਤਾ ਜਾਵੇ ਡਿਪੋਰਟ

ਗੁਰਦਾਸਪੁਰ (ਗੁਰਪ੍ਰੀਤ) : ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਕੁੜੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਇਸ ਦੇ ਚੱਕਰ ’ਚ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਉਸ ਨੇ ਪਟਿਆਲਾ ਦੀ ਇਕ ਕੁੜੀ ਮਨਦੀਪ ਕੌਰ ਨਾਲ 6 ਸਾਲ ਪਹਿਲਾਂ ਆਪਣੇ ਮੁੰਡੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਕੁੜੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਮੁੰਡੇ ਨੂੰ ਵੀ ਆਪਣੇ ਕੋਲ ਬੁਲਾ ਲਵੇਗੀ ਪਰ ਵਿਦੇਸ਼ ਜਾ ਕੇ ਕੁੜੀ ਮੁੱਕਰ ਗਈ ਅਤੇ ਮੁੰਡੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਕੁੜੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਘਮਸਾਨ ’ਤੇ ਸੂਬਾ ਇੰਚਾਰਜ ਹਰੀਸ਼ ਰਾਵਤ ਦਾ ਵਚਨ ਨਹੀਂ ਹੋਇਆ ਪੂਰਾ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਮੁੰਡੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸਦਾ ਵਿਆਹ ਪਟਿਆਲਾ ਦੀ ਮਨਦੀਪ ਕੌਰ ਨਾਲ ਪੂਰੇ ਰੀਤੀ ਰਿਵਾਜ਼ਾਂ ਅਤੇ ਘਰਦਿਆਂ ਦੀ ਸਹਿਮਤੀ ਨਾਲ ਹੋਇਆ ਸੀ। ਵਿਆਹ ਤੋਂ ਇਕ ਸਾਲ ਬਾਅਦ ਉਸ ਨੇ ਕੁੜੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚ ਕੇ ਕੈਨੇਡਾ ਭੇਜ ਦਿੱਤਾ ਜਦੋਂ ਇਕ ਸਾਲ ਬਾਅਦ ਉਸ ਨੇ ਮਨਦੀਪ ਨੂੰ ਕਿਹਾ ਕਿ ਉਹ ਉਸ ਨੂੰ ਕੈਨੇਡਾ ਬੁਲਾ ਲਵੇ ਤਾਂ ਉਸ ਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸ ਨੇ ਉਸ ਨੂੰ ਇਕ ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸਦੀ ਪਤਨੀ ਨੇ ਉਸ ਕੋਲੋਂ ਹੋਰ ਪੈਸਿਆਂ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਾ ਦਿੱਤੀਆਂ।

ਇਹ ਵੀ ਪੜ੍ਹੋ : ਲੁਧਿਆਣਾ ਖ਼ੁਦਕੁਸ਼ੀ ਕਾਂਡ : ਭਾਜਪਾ ਆਗੂ ਤੇ ਪੰਜਾਬ ਪੁਲਸ ਦੇ ਇੰਸਪੈਕਟਰ ’ਤੇ ਮਾਮਲਾ ਦਰਜ

ਵੀਜ਼ਾ ਖ਼ਤਮ ਹੋਣ ਤੋਂ ਬਾਅਦ ਜਦੋਂ ਉਸ ਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸ ਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ ਪੰਜ ਲੱਖ ਰੁਪਏ ਹੋਰ ਦੇਵੇਗਾ ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਧਮਕੀ ਦਿੱਤੀ ਕਿ ਉਹ ਇੰਡੀਆ ਵਿਚ ਰਹਿ ਰਹੇ ਉਸਦੇ ਮਾਤਾ-ਪਿਤਾ ਉੱਪਰ ਝੂਠਾ ਦਾਜ ਦਾ ਪਰਚਾ ਕਰਵਾ ਦੇਵੇਗੀ ਜਿਸ ਤੋਂ ਬਾਅਦ ਉਹ ਪਰੇਸ਼ਾਨ ਹੋ ਕੇ ਵਾਪਸ ਆ ਗਿਆ। ਉਪਰੰਤ ਕੁੜੀ ਨੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਜਦੋਂ ਉਹ ਇੰਡੀਆ ਵਾਪਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਮਾਤਾ-ਪਿਤਾ ਨੇ ਤਲਾਕ ਦੇ ਕਾਗਜ਼ ਲਗਾਏ ਹੋਏ ਹਨ ਅਤੇ ਉਸਦੇ ਉਪਰ ਦਾਜ ਦਾ ਝੂਠਾ ਕੇਸ ਦਰਜ ਕਰਵਾਇਆ ਹੋਇਆ ਹੈ। ਪੀੜਤ ਮੁੰਡੇ ਅਤੇ ਉਸਦੇ ਮਾਤਾ ਪਿਤਾ ਨੇ ਕਿਹਾ ਕਿ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਕੁੜੀ ਦੇ ਪਰਿਵਾਰ ਉੱਪਰ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ : 6 ਸਿੱਖ ਰੈਜ਼ੀਮੈਂਟ ’ਚ ਭਰਤੀ ਲਹਿਰਾਗਾਗਾ ਦੇ ਕੁਲਵਿੰਦਰ ’ਤੇ ਅਣਮਨੁੱਖੀ ਤਸ਼ੱਦਦ, ਵਾਇਰਲ ਤਸਵੀਰਾਂ ਨੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News