ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ ''ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ
Friday, Aug 21, 2026 - 01:00 PM (IST)
ਅੰਮ੍ਰਿਤਸਰ (ਰਮਨ)- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਬੰਦ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਖਿਆ ਗਿਆ ਹੈ। ਬੰਦ ਦਾ ਅਸਰ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਕਈ ਬਾਜ਼ਾਰਾਂ ਅਤੇ ਵਪਾਰਕ ਅਦਾਰਿਆਂ ਦੇ ਨਾਲ-ਨਾਲ ਬੱਸ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਇਸ ਕਾਰਨ ਜ਼ਰੂਰੀ ਕੰਮਾਂ ਲਈ ਘਰੋਂ ਨਿਕਲੇ ਲੋਕਾਂ ਅਤੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਤਰਨਤਾਰਨ: ਅਣਪਛਾਤੇ ਵੱਲੋਂ ਸਕੂਟਰੀ 'ਤੇ ਜਾ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅੰਮ੍ਰਿਤਸਰ ਦੇ ਬੱਸ ਸਟੈਂਡ ’ਤੇ ਵੀ ਬੰਦ ਦਾ ਅਸਰ ਸਾਫ਼ ਨਜ਼ਰ ਆਇਆ। ਜਾਣਕਾਰੀ ਮੁਤਾਬਕ ਲੰਬੀ ਦੂਰੀ ਦੇ ਕੁਝ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਸਵੇਰੇ ਤੜਕੇ ਬੱਸ ਸਟੈਂਡ ਤੋਂ ਰਵਾਨਾ ਹੋ ਗਈਆਂ ਸਨ, ਪਰ ਬਾਅਦ ਵਿੱਚ ਯਾਤਰੀਆਂ ਦੀ ਗਿਣਤੀ ਕਾਫ਼ੀ ਘੱਟ ਰਹੀ। ਆਮ ਦਿਨਾਂ ਦੇ ਮੁਕਾਬਲੇ ਬੱਸ ਸਟੈਂਡ ’ਤੇ ਚਹਿਲ-ਪਹਿਲ ਵੀ ਬਹੁਤ ਘੱਟ ਦਿਖਾਈ ਦਿੱਤੀ। ਕੌਮੀ ਇਨਸਾਫ਼ ਮੋਰਚੇ ਦੇ ਬੰਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ), ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ। ਬੰਦ ਦੇ ਸਮਰਥਨ ਵਿੱਚ ਵੱਖ-ਵੱਖ ਕਿਸਾਨ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 38,00,00,000 ਦਾ ਨਸ਼ਾ ਬਰਾਮਦ, BSF ਨੂੰ ਵੇਖ ਫਰਾਰ ਹੋਏ ਤਸਕਰ
ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਅੰਮ੍ਰਿਤਸਰ ਮੀਡੀਆ ਇੰਚਾਰਜ ਅਤੇ ਬੁਲਾਰੇ ਸ਼ਮਸ਼ੇਰ ਸਿੰਘ ਪੰਧੇਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੇ ਬੰਦੀ ਸਿੰਘ ਹਨ, ਜੋ ਆਪਣੀ ਨਿਰਧਾਰਤ ਸਜ਼ਾ ਪੂਰੀ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਸੇ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਸ਼ਮਸ਼ੇਰ ਸਿੰਘ ਪੰਧੇਰ ਨੇ ਦੋਸ਼ ਲਾਇਆ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਪੰਜਾਬ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ, ਅੱਥਰੂ ਗੈਸ ਅਤੇ ਹੋਰ ਕਾਰਵਾਈ ਕੀਤੀ ਗਈ। ਉਨ੍ਹਾਂ ਮੁਤਾਬਕ ਇਸ ਕਾਰਵਾਈ ਦੇ ਵਿਰੋਧ ਵਿੱਚ ਹੀ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣੀ ਸੀ ਵੱਡੀ ਡਕੈਤੀ, ਪੁਲਸ ਨੇ ਐਨ ਮੌਕੇ ਪਾ'ਤੀ ਵੱਡੀ ਕਾਰਵਾਈ
ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਇਸ ਬੰਦ ਦਾ ਪੂਰਨ ਸਮਰਥਨ ਕਰਦਾ ਹੈ ਅਤੇ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਾ ਹੈ। ਉਨ੍ਹਾਂ ਦੁਕਾਨਦਾਰਾਂ, ਵਪਾਰੀਆਂ ਅਤੇ ਹੋਰ ਅਦਾਰਿਆਂ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਉੱਥੇ ਹੀ ਅੰਮ੍ਰਿਤਸਰ ਬੱਸ ਸਟੈਂਡ ’ਤੇ ਪਹੁੰਚੇ ਇੱਕ ਬੱਸ ਚਾਲਕ ਨੇ ਦੱਸਿਆ ਕਿ ਉਹ ਸਵੇਰੇ ਕਪੂਰਥਲਾ ਤੋਂ ਬੱਸ ਲੈ ਕੇ ਅੰਮ੍ਰਿਤਸਰ ਪਹੁੰਚਿਆ ਸੀ। ਰਸਤੇ ਵਿੱਚ ਕਰੀਬ ਪੰਜ ਯਾਤਰੀ ਹੀ ਮਿਲੇ ਅਤੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਵੀ ਬੱਸ ਸਟੈਂਡ ’ਤੇ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਬੰਦ ਕਾਰਨ ਬੱਸ ਸੇਵਾ ’ਤੇ ਵੀ ਅਸਰ ਪਿਆ ਹੈ।
ਇਹ ਵੀ ਪੜ੍ਹੋ- ਘਰ ਵੇਚਣ ਦੇ ਬਾਵਜੂਦ ਵੀ ਨਹੀਂ ਮੁਕਿਆ ਕਰਜ਼ਾ, ਪ੍ਰੇਸ਼ਾਨ ਪਤੀ-ਪਤਨੀ ਨੇ DC ਅੱਗੇ ਰੱਖ'ਤੀ ਇਹ ਮੰਗ
ਬੱਸ ਸਟੈਂਡ ’ਤੇ ਪਹੁੰਚੇ ਯਾਤਰੀਆਂ ਨੇ ਦੱਸਿਆ ਕਿ ਉਹ ਜ਼ਰੂਰੀ ਕੰਮ ਲਈ ਬਾਹਰ ਜਾਣ ਵਾਲੇ ਸਨ, ਪਰ ਇੱਥੇ ਪਹੁੰਚਣ ’ਤੇ ਉਨ੍ਹਾਂ ਨੂੰ ਪੰਜਾਬ ਬੰਦ ਬਾਰੇ ਜਾਣਕਾਰੀ ਮਿਲੀ। ਕੌਮੀ ਇਨਸਾਫ਼ ਮੋਰਚੇ ਵੱਲੋਂ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਥੇਬੰਦੀਆਂ ਵੱਲੋਂ ਲੋਕਾਂ ਨੂੰ ਬੰਦ ਦੌਰਾਨ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਗਤੀਵਿਧੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
