ਮੰਡੀਆਂ ''ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ, 97 ਲੱਖ ਟਨ ਦੀ ਹੋਈ ਖਰੀਦ

Wednesday, Oct 29, 2025 - 04:41 PM (IST)

ਮੰਡੀਆਂ ''ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ, 97 ਲੱਖ ਟਨ ਦੀ ਹੋਈ ਖਰੀਦ

ਚੰਡੀਗੜ੍ਹ : ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ (ਐੱਲਐੱਮਟੀ) ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਵਿਚੋਂ 97 ਐੱਲਐੱਮਟੀ ਤੋਂ ਵੱਧ ਫ਼ਸਲ ਦੀ ਖਰੀਦ ਕਰ ਲਈ ਗਈ ਹੈ। ਫਸਲ ਦੀ ਤੇਜ਼ੀ ਨਾਲ ਖ਼ਰੀਦ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਦਾ ਪ੍ਰਮਾਣ ਦੱਸਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਭਾਈਵਾਲ ਚਾਹੇ ਉਹ ਕਿਸਾਨ, ਕਮਿਸ਼ਨ ਏਜੰਟ (ਆੜ੍ਹਤੀਆ), ਮਜ਼ਦੂਰ ਹੋਵੇ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਜਿੱਥੋਂ ਤੱਕ ਫ਼ਸਲ ਦੀ ਚੁਕਾਈ ਦਾ ਸਵਾਲ ਹੈ, ਖ਼ਰੀਦੀ ਗਈ ਫਸਲ ਵਿਚੋਂ 77 ਐੱਲਐੱਮਟੀ ਤੋਂ ਵੱਧ ਦੀ ਚੁਕਾਈ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਫ਼ਸਲ ਦੀ ਅਦਾਇਗੀ ਦੇ ਸਬੰਧ ਵਿਚ ਕਿਸਾਨਾਂ ਦੇ ਖਾਤਿਆਂ ‘ਚ 21000 ਕਰੋੜ ਰੁਪਏ ਤੋਂ ਵੱਧ ਦੀ ਰਕਮ ਤਬਦੀਲ ਕਰ ਦਿੱਤੀ ਗਈ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਸਾਨ ਭਾਈਚਾਰੇ ਨੂੰ ਮੰਡੀਆਂ ਵਿਚ ਸੁੱਕੀ ਫਸਲ ਲਿਆਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਸਖ਼ਤ ਮਿਹਨਤ ਨਾਲ ਪੈਦਾ ਕੀਤੀ ਫਸਲ ਦਾ ਪੂਰਾ ਮੁੱਲ ਮਿਲ ਸਕੇ।


author

Gurminder Singh

Content Editor

Related News