ਮੰਡੀਕਰਨ ਬੋਰਡ ਨੂੰ ਖਤਮ ਕਰਨ ਅਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੀ ਇਕ ਸੋਚੀ ਸਮਝੀ ਸਾਜਿਸ਼: ਬਲਜਿੰਦਰ ਕੌਰ
Thursday, Jun 18, 2020 - 10:26 AM (IST)
ਭਵਾਨੀਗੜ੍ਹ (ਕਾਂਸਲ): ਕੇਂਦਰ ਸਰਕਾਰ ਵਲੋਂ ‘ਇਕ ਦੇਸ਼ ਇਕ ਮੰਡੀ’ ਦਾ ਕਿਸਾਨ ਵਿਰੋਧੀ ਆਰਡੀਨੈੱਸ ਜਾਰੀ ਕਰਕੇ ਦੇਸ਼ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਜੋ ਸਿੱਧੇ ਤੌਰ ’ਤੇ ਮੰਡੀਕਰਨ ਬੋਰਡ ਨੂੰ ਖਤਮ ਕਰਨ ਅਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੀ ਇਕ ਸੋਚੀ ਸਮਝੀ ਸਾਜਿਸ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਲੋਕ ਸਭਾ ਹਲਕਾ ਸੰਗਰੂਰ ਤੋਂ ਨਵ-ਨਿਯੁਕਤ ਚੋਣ ਇੰਚਾਰਜ਼ ਪ੍ਰੋ: ਬਲਜਿੰਦਰ ਕੌਰ ਹਲਕਾ ਵਿਧਾਇਕ ਤਲਵੰਡੀ ਸਾਬੋ ਸਥਾਨਕ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਦੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਇਕੋਂ ਥਾਲੀ ਦੇ ਚੱਟੇ ਵੱਟੇ ਹਨ, ਇਸੇ ਕਰਕੇ ਹੀ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕ ਵਿਰੋਧੀ ਫੈਸਲੇ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਕਾਰਨ ਹੀ ਅੱਜ ਇਨ੍ਹਾਂ ਪਾਰਟੀਆਂ ਤੋਂ ਦੁਖੀ ਹੋਏ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਇਸ ਤੋਂ ਪਹਿਲਾਂ ਪ੍ਰੋ. ਬਲਜਿੰਦਰ ਕੌਰ ਨੇ ਪਾਰਟੀ ਪ੍ਰਤੀ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਰਕਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2022 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਸਾਨੂੰ ਹੁਣ ਤੋਂ ਹੀ ਕਮਰਕਸ ਲੈਣੀ ਚਾਹੀਦੀ ਹੈ ਅਤੇ ਆਪਸੀ ਧੜੇਬੰਦੀਆਂ ਨੂੰ ਛੱਡ ਕੇ ਪਿੰਡ ਪੱਧਰ ਅਤੇ ਵਾਰਡ ਪੱਧਰ ਉਪਰ ਸੂਬੇ ਵਿਚ ਲੋਕਾਂ ਨਾਲ ਨੁਕੜ ਮੀਟਿੰਗਾਂ ਕਰਕੇ ਆਪ ਦੀਆਂ ਦਿੱਲੀ ਵਿਖੇ ਹੋ ਰਹੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਕੇ ਆਪ ਨੂੰ ਹੋਰ ਮਜਬੂਤ ਕਰਨ ਲਈ ਹੰਭਲੇ ਮਾਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਪ ਵੱਲੋਂ ਪਿੰਡ ਅਤੇ ਵਾਰਡ ਪੱਧਰ ’ਤੇ ਕਮੇਟੀਆਂ ਬਣਾ ਕੇ ਵਰਕਰਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੁਖਜਿੰਦਰ ਸਿੰਘ ਕਾਉਣੀ ਲੋਕ ਸਭਾ ਅਬਜਰਬਰ, ਰਾਜਵੰਤ ਸਿੰਘ ਘੁੱਲੀ ਜ਼ਿਲ੍ਹਾ ਪ੍ਰਧਾਨ, ਨਰਿੰਦਰ ਕੌਰ ਭਰਾਜ ਹਲਕਾ ਇੰਚਾਰਜ਼ ਸੰਗਰੂਰ, ਦਿਨੇਸ਼ ਬਾਂਸਲ, ਅਵਤਾਰ ਸਿੰਘ ਈਲਵਾਲ ਅਬਜਰਬਰ, ਹਰਦੀਪ ਸਿੰਘ ਤੂਰ, ਰਾਜਿੰਦਰ ਸਿੰਘ ਗੋਗੀ, ਹਰਭਜਨ ਸਿੰਘ ਹੈਪੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।