''ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ'' ਤਹਿਤ ਕੱਢਿਆ ਦਾਖਲਾ ਮਸ਼ਾਲ ਮਾਰਚ
Monday, Feb 19, 2018 - 03:21 AM (IST)

ਮੋਗਾ, (ਗਰੋਵਰ, ਗੋਪੀ)- ਸਿੱਖਿਆ 'ਚ ਨਿਰੰਤਰ ਸੁਧਾਰ ਲਈ ਚਲਾਏ ਜਾ ਰਹੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਸਰਕਾਰੀ ਸਕੂਲਾਂ ਵਿਚਲੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਤੇ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਦੇ ਮੰਤਵ ਨਾਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ 5 ਫਰਵਰੀ, 2018 ਤੋਂ ਸੂਬੇ 'ਚ ਦਾਖਲਾ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ ਅਤੇ ਜ਼ਿਲਾ ਮੋਗਾ ਅੰਦਰ ਇਹ ਮਾਰਚ 17 ਫਰਵਰੀ ਨੂੰ ਦਾਖਲ ਹੋਇਆ। ਜ਼ਿਲਾ ਸਿੱਖਿਆ ਅਫਸਰ (ਸੈ) ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ, ਡਾਇਟ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ, 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੇ ਜ਼ਿਲਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ, ਬੀ. ਪੀ. ਈ. ਓ. ਸੁਰਿੰਦਰ ਕੁਮਾਰ, ਹਰਪਾਲ ਸਿੰਘ, ਕੁਲਦੀਪ ਕੌਰ, ਜਸਵੀਰ ਕੌਰ ਤੇ ਹਰਜਿੰਦਰ ਕੌਰ ਵੱਲੋਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਟੀਮ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਅੱਜ ਮੋਗਾ ਸ਼ਹਿਰ 'ਚ ਦਾਖਲਾ ਮਸ਼ਾਲ ਮਾਰਚ ਦਾ ਆਯੋਜਨ ਕੀਤਾ ਗਿਆ। ਵਿਧਾਇਕ ਮੋਗਾ ਡਾ. ਹਰਜੋਤ ਕਮਲ ਵੱਲੋਂ ਇਸ ਮਾਰਚ ਦੀ ਸ਼ੁਰੂਆਤ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਮੋਗਾ ਤੋਂ ਕੀਤੀ ਗਈ। ਇਸ ਮਸ਼ਾਲ ਮਾਰਚ 'ਚ ਸ਼ਾਮਲ ਅਧਿਕਾਰੀਆਂ ਅਤੇ ਟੀਮ ਮੈਂਬਰਾਂ ਵੱਲੋਂ ਆਮ ਜਨਤਾ ਨੂੰ ਸਰਕਾਰੀ ਸਕੂਲਾਂ 'ਚ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਗਏ ਅਤੇ ਵੱਖ-ਵੱਖ ਫਲੈਕਸ, ਮਾਟੋ, ਬੈਨਰ ਤੇ ਇਸ਼ਤਿਹਾਰਾਂ ਰਾਹੀਂ ਸਰਕਾਰੀ ਸਕੂਲਾਂ 'ਚ ਦਾਖਲੇ ਸਬੰਧੀ ਪੂਰਾ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਬੀ. ਐੱਮ. ਟੀ. ਸਵਰਨਜੀਤ ਸਿੰਘ, ਬਲਦੇਵ ਰਾਮ, ਸਤੀਸ਼ ਕੁਮਾਰ, ਵਿਵੇਕਾਨੰਦ, ਸੀ. ਐੱਮ. ਟੀ. ਕੁਲਦੀਪ ਸਿੰਘ, ਮਨਜੀਤ ਸਿੰਘ, ਰੁਬਿੰਦਰ ਕੌਰ ਆਦਿ ਨੇ ਆਪਣੀ ਹਾਜ਼ਰੀ ਦੇ ਕੇ ਮਾਰਚ ਨੂੰ ਸਫਲ ਬਣਾਉਣ ਲਈ ਭਰਪੂਰ ਯੋਗਦਾਨ ਪਾਇਆ। ਮਸ਼ਾਲ ਮਾਰਚ ਦੀ ਸਮਾਪਤੀ ਸਮੇਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਜ਼ਿਲਾ ਮੋਗਾ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਵੱਲੋਂ ਛੁੱਟੀ ਵਾਲੇ ਦਿਨ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇਸ ਮਾਰਚ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ।
ਇਸੇ ਤਰ੍ਹਾਂ 19 ਫਰਵਰੀ ਨੂੰ ਸਵੇਰੇ 8 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਨੇੜੇ ਗੁਰਦੁਆਰਾ ਕਲਗੀਧਰ ਤੋਂ ਸ਼ੁਰੂ ਹੋ ਕੇ ਸ. ਪ. ਸ. ਗੋਧੇਵਾਲਾ, ਸ. ਪ. ਸ. ਬੁੱਘੀ ਪੁਰਾ, ਡਾਲਾ, ਬੁੱਟਰ ਕਲਾਂ, ਬੱਧਣੀ ਕਲਾਂ, ਬੌਡੇ, ਨੰਗਲ, ਧੂੜਕੋਟ ਰਣਸੀਂਹ, ਨਿਹਾਲ ਸਿੰਘ ਵਾਲਾ, ਜਵਾਹਰ ਸਿੰਘ ਵਾਲਾ, ਖੋਟੇ, ਮਾਣੂੰਕੇ, ਨੱਥੋਕੇ, ਬਾਘਾਪੁਰਾਣਾ (ਸ਼ਹਿਰ ਦੇ ਸਾਰੇ ਸਕੂਲ), ਆਲਮਵਾਲਾ, ਜੈ ਸਿੰਘ ਵਾਲਾ, ਚੰਦ ਨਵਾਂ, ਡਰੋਲੀ ਭਾਈ, ਸਲ੍ਹੀਣਾ, ਬਲਖੰਡੀ, ਰੰਡਿਆਲਾ, ਦਾਤੇਵਾਲ, ਕੋਟ ਈਸੇ ਖਾਂ, ਕੋਟ ਸਦਰ ਖਾਂ, ਧਰਮਕੋਟ, ਲੋਹਗੜ੍ਹ, ਭਿੰਡਰ ਕਲਾਂ, ਕੋਕਰੀ ਕਲਾਂ, ਅਜੀਤਵਾਲ ਤੱਕ ਮਸ਼ਾਲ ਮਾਰਚ ਕੀਤਾ ਜਾਵੇਗਾ।