ਪੁਲਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ''ਚ, ਵਿਦਿਆਰਥੀਆਂ ਕੋਲ ਕਿੱਥੋਂ ਆਏ ਸਨ ਹੈਂਡ ਗ੍ਰੇਨੇਡ

11/06/2018 1:20:28 PM

ਜਲੰਧਰ (ਰਵਿੰਦਰ)— ਮਕਸੂਦਾਂ ਥਾਣਾ ਬੰਬ ਕਾਂਡ ਨੂੰ ਸੁਲਝਾਉਣ ਦਾ ਦਾਅਵਾ ਤਾਂ ਬੀਤੇ ਦਿਨ ਪੁਲਸ ਨੇ ਕਰ ਦਿੱਤਾ ਅਤੇ 2 ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਵੀ ਦਿਖਾ ਦਿੱਤੀ ਪਰ ਪੁਲਸ ਦੀ ਇਸ ਥਿਊਰੀ 'ਚ ਕਈ ਸੁਰਾਖ ਨਜ਼ਰ ਆ ਰਹੇ ਹਨ, ਜਿਸ ਦਾ ਜਵਾਬ ਅਜੇ ਪੁਲਸ ਅਧਿਕਾਰੀਆਂ ਕੋਲ ਵੀ ਨਹੀਂ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਮਕਸੂਦਾਂ ਥਾਣੇ 'ਚ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਲੀਡ ਪੁਲਸ ਨੂੰ ਕਿਥੋਂ ਅਤੇ ਕਦੋਂ ਮਿਲੀ, ਇਸ ਦੇ ਜਵਾਬ 'ਚ ਪੁਲਸ ਅਧਿਕਾਰੀਆਂ ਦਾ ਸਿਰਫ ਇੰਨਾ ਹੀ ਕਹਿਣਾ ਹੈ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੰਸਾਰ ਗਜਵਤ-ਉਲ-ਹਿੰਦ ਦੇ ਕਈ ਹੋਰ ਮਡਿਊਲ ਪੰਜਾਬ 'ਚ ਸਰਗਰਮ ਹਨ ਅਤੇ ਉਥੋਂ ਪੁਲਸ ਨੂੰ ਮਕਸੂਦਾਂ ਥਾਣੇ 'ਤੇ ਹਮਲੇ ਦੀ ਲੀਡ ਮਿਲੀ ਸੀ। 

ਦੂਜਾ ਵੱਡਾ ਸਵਾਲ ਇਹ ਹੈ ਕਿ ਮਕਸੂਦਾਂ ਥਾਣੇ 'ਚ ਪੁਲਸ ਅਨੁਸਾਰ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ। ਸਵਾਲ ਇਹ ਉਠਦਾ ਹੈ ਕਿ ਇਹ 4 ਹੈਂਡ ਗ੍ਰੇਨੇਡ ਕਿਥੋਂ ਅਤੇ ਕਦੋਂ ਇਨ੍ਹਾਂ ਵਿਦਿਆਰਥੀਆਂ ਕੋਲ ਪਹੁੰਚੇ। ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਗ੍ਰਿਫਤਾਰ ਅੱਤਵਾਦੀਆਂ ਕੋਲੋਂ ਪੁਲਸ ਨੂੰ ਕੋਈ ਬਰਾਮਦਗੀ ਕਿਉਂ ਨਹੀਂ ਹੋਈ ਅਤੇ ਸਵਾਲ ਇਹ ਵੀ ਹੈ ਕਿ ਗਾਜੀ ਅਤੇ ਰਾਊਫ ਤਾਂ ਹਵਾਈ ਜਹਾਜ਼ ਜ਼ਰੀਏ ਸ਼੍ਰੀਨਗਰ ਤੋਂ ਚੰਡੀਗੜ੍ਹ ਆਏ ਸਨ ਤਾਂ ਫਿਰ ਚਾਰ ਹੈਂਡ ਗ੍ਰੇਨੇਡ ਇਨ੍ਹਾਂ ਨੂੰ ਕਿਸ ਨੇ ਅਤੇ ਕਦੋਂ ਦਿੱਤੇ। ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਸੀ. ਟੀ. ਇੰਸਟੀਚਿਊਟ ਤੋਂ ਗ੍ਰਿਫਤਾਰ ਇਸ ਸੰਗਠਨ ਦੇ 3 ਅੱਤਵਾਦੀਆਂ ਨੂੰ ਪੁਲਸ ਨੇ 10 ਦਿਨਾਂ ਤੋਂ ਜ਼ਿਆਦਾ ਤੱਕ ਆਪਣੇ ਰਿਮਾਂਡ 'ਚ ਰੱਖਿਆ ਸੀ ਅਤੇ ਉਦੋਂ ਪੁੱਛਗਿੱਛ 'ਚ ਇਸ ਮਡਿਊਲ ਦਾ ਪਤਾ ਪੁਲਸ ਨੂੰ ਕਿਉਂ ਨਹੀਂ ਚੱਲ ਸਕਿਆ ਸੀ।


Related News