ਅਜਨਾਲਾ ਮਾਮਲੇ ’ਚ ਖੜ੍ਹੇ ਹੋਏ ਕਈ ਸਵਾਲ

Tuesday, Feb 28, 2023 - 11:32 AM (IST)

ਅਜਨਾਲਾ ਮਾਮਲੇ ’ਚ ਖੜ੍ਹੇ ਹੋਏ ਕਈ ਸਵਾਲ

ਚੰਡੀਗੜ੍ਹ (ਬਿਊਰੋ) : ਇਕ ਪਾਸੇ ਪੰਜਾਬ ਸਰਕਾਰ ਆਪਣੇ ਅਣਥੱਕ ਯਤਨਾਂ ਨਾਲ ਇੰਡਸਟ੍ਰੀ ਦੇ ਦਿੱਗਜਾਂ ਨੂੰ ਮੋਹਾਲੀ ’ਚ ਸੱਦ ਕੇ ਉਨ੍ਹਾਂ ਦੀ ਆਓ-ਭਗਤ ਕਰਨ ’ਚ ਲੱਗੀ ਹੋਈ ਸੀ, ਉੱਥੇ ਹੀ ਦੂਜੇ ਪਾਸੇ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਅਜਨਾਲਾ ’ਚ ਥਾਣੇ ’ਤੇ ਕਬਜ਼ਾ ਕਰ ਲਿਆ ਅਤੇ ਪੁਲਸ ਵਾਲਿਆਂ ਨੂੰ ਜ਼ਖਮੀ ਹਾਲਤ ’ਚ ਪੁਲਸ ਸਟੇਸ਼ਨ ਛੱਡ ਕੇ ਬਚ ਕੇ ਭੱਜਣਾ ਪਿਆ। ਇਹ ਸਾਰਾ ਵਿਵਾਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਪੁਲਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਸਬੰਧੀ ਖੜ੍ਹਾ ਹੋਇਆ ਕਿਉਂਕਿ ਅੰਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਦਾਅਵਾ ਕੀਤਾ ਸੀ ਕਿ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਸ ਨੇ ਬਿਨਾਂ ਕਾਰਨ ਤੇ ਝੂਠੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਜਦੋਂਕਿ ਪੁਲਸ ਨੇ ਲਵਪ੍ਰੀਤ ਸਿੰਘ ਦੀ ਗ੍ਰਿਫਤਾਰੀ ਵੇਲੇ ਕਿਹਾ ਸੀ ਕਿ ਉਸ ਕੋਲ ਮੁੱਢਲੇ ਤੱਥ ਮੌਜੂਦ ਹਨ। ਪਰ ਥਾਣੇ ’ਤੇ ਕਬਜ਼ੇ ਅਤੇ ਕਈ ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਤੋਂ ਬਾਅਦ ਅਖੀਰ ਪੁਲਸ ਨੇ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵੱਲੋਂ ਮੁਹੱਈਆ ਕਰਵਾਏ ਗਏ ਲਵਪ੍ਰੀਤ ਸਿੰਘ ਤੂਫਾਨ ਦੀ ਬੇਗੁਨਾਹੀ ਦੇ ਸਬੂਤਾਂ ਦੇ ਅਧਾਰ ’ਤੇ ਉਸ ਨੂੰ ਰਿਹਾਅ ਕਰ ਦਿੱਤਾ।

ਇਹ ਵੀ ਪੜ੍ਹੋ : ਸਕੂਲ ਬਣਾਉਣ ਵਾਲੇ ਨੂੰ ਜੇਲ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ : ਭਗਵੰਤ ਮਾਨ     

ਹਾਲਾਂਕਿ ਪੰਜਾਬ ਪੁਲਸ ਦੀ ਇਸ ਗੱਲ ਲਈ ਜ਼ਰੂਰੀ ਪ੍ਰਸ਼ੰਸਾ ਹੋ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ’ਚ ਪੁਲਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਪਰ ਨਾਲ ਹੀ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਜੇ ਲਵਪ੍ਰੀਤ ਸਿੰਘ ਤੂਫਾਨ ਦੀ ਬੇਗੁਨਾਹੀ ਦੇ ਮੁਹੱਈਆ ਕਰਵਾਏ ਗਏ ਸਬੂਤਾਂ ’ਤੇ ਪੁਲਸ ਨੂੰ ਭਰੋਸਾ ਹੈ ਤਾਂ ਫਿਰ ਉਸ ਨੂੰ ਬਿਨਾਂ ਕਾਰਨ ਗ੍ਰਿਫਤਾਰ ਕਰ ਕੇ ਵੱਡਾ ਹੰਗਾਮਾ ਖੜ੍ਹਾ ਕਰਨ ਦਾ ਮੌਕਾ ਦੇਣ ਵਾਲੇ ਪੁਲਸ ਅਧਿਕਾਰੀਆਂ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਹ ਇਸ ਲਈ ਵੀ ਗੰਭੀਰ ਹੈ ਕਿਉਂਕਿ ਇਸ ਘਟਨਾ ਕਾਰਨ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜੀ ਹੋਣ ਨੂੰ ਕੌਮੀ ਮੀਡੀਆ ’ਚ ਉਛਾਲਿਆ ਗਿਆ ਅਤੇ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਪਹੁੰਚੇ ਉਦਯੋਗਪਤੀ ਵੀ ਇਸੇ ਘਟਨਾਚੱਕਰ ’ਤੇ ਚਰਚਾ ਕਰਦੇ ਰਹੇ। ਹੈਰਾਨੀ ਤਾਂ ਇਸ ਗੱਲ ’ਤੇ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਪੁਲਸ ਦੀ ਮੁੱਢਲੀ ਮਿਸਹੈਂਡਲਿੰਗ ਕਾਰਨ ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਅਤੇ ਦੇਸ਼ ਭਰ ਵਿਚ ਬਦਨਾਮੀ ਹੋਣ ਦੇ ਬਾਵਜੂਦ ਪੰਜਾਬ ਪੁਲਸ ਨੇ 4 ਦਿਨ ਬੀਤਣ ਤੋਂ ਬਾਅਦ ਵੀ ਥਾਣੇ ’ਤੇ ਕਬਜ਼ਾ ਹੋਣ ਦੀ ਘਟਨਾ ਸਬੰਧੀ ਕੇਸ ਦਰਜ ਨਹੀਂ ਕੀਤਾ। ਇਸ ਨੂੰ ਆਧਾਰ ਬਣਾ ਕੇ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੋਇਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਬੀੜ ਥਾਣੇ ਲਿਜਾਣ ’ਤੇ ਖੁਦ ਕਿਉਂ ਨਹੀਂ ਰਿਪੋਰਟ ਲਿਖਾਈ : ਬੀਰ ਦਵਿੰਦਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News