ਕਈ ਉੱਘੀਆਂ ਸ਼ਖਸੀਅਤਾਂ ਹਰਪਾਲ ਚੀਮਾ ਦੀ ਮੌਜੂਦਗੀ ''ਚ ''ਆਪ'' ''ਚ ਹੋਈਆਂ ਸ਼ਾਮਲ
Tuesday, Jan 11, 2022 - 12:16 AM (IST)
ਮੋਹਾਲੀ/ਚੰਡੀਗੜ੍ਹ (ਬਿਊਰੋ)- ਆਮ ਆਦਮੀ ਪਾਰਟੀ (ਆਪ) ਨੂੰ ਸੋਮਵਾਰ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਕਈ ਪ੍ਰਮੁੱਖ ਸ਼ਖਸੀਅਤਾਂ ਆਪਣੇ ਸੈਂਕੜੇ ਸਾਥੀਆਂ ਸਮੇਤ 'ਆਪ' 'ਚ ਸ਼ਾਮਲ ਹੋ ਗਈਆਂ। 'ਆਪ' ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਮੁਹਾਲੀ ਤੋਂ 'ਆਪ' ਉਮੀਦਵਾਰ ਕੁਲਵੰਤ ਸਿੰਘ, ਰਾਜਪੁਰਾ ਤੋਂ 'ਆਪ' ਉਮੀਦਵਾਰ ਨੀਨਾ ਮਿੱਤਲ ਅਤੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਰਸਮੀ ਤੌਰ 'ਤੇ ਪਾਰਟੀ 'ਚ ਸ਼ਾਮਲ ਕੀਤਾ ਕੀਤਾ ਗਿਆ। ਉਨ੍ਹਾਂ ਦਾ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਤਰਫ਼ ਤੋਂ ਪਾਰਟੀ 'ਚ ਸਵਾਗਤ ਕੀਤਾ।
ਇਹ ਖ਼ਬਰ ਪੜ੍ਹੋ- ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ
ਅੱਜ ਸੋਮਵਾਰ ਨੂੰ ਪਟਿਆਲਾ ਤੋਂ ਦਵਿੰਦਰ ਪਾਲ ਸਿੰਘ ਵਾਲੀਆ (ਸੇਵਾਮੁਕਤ ਏ. ਡੀ. ਸੀ.), ਅਮਲੋਹ ਤੋਂ ਹਰਪ੍ਰੀਤ ਸਿੰਘ (ਹਲਕਾ ਪ੍ਰਧਾਨ- ਵਾਈ. ਏ. ਡੀ), ਵਾਈ. ਐੱਸ. ਮੱਤਾ (ਸੇਵਾਮੁਕਤ ਜੱਜ), ਸ੍ਰੀ ਮੁਕਤਸਰ ਸਾਹਿਬ ਤੋਂ ਐਡਵੋਕੇਟ ਹਰਦੀਪ ਸਿੰਘ ਬਾਂਗਲ (ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ), ਲੁਧਿਆਣਾ ਤੋਂ ਗੁਰਦੀਪ ਸਿੰਘ (ਜ਼ਿਲ੍ਹਾ ਜਨਰਲ ਸਕੱਤਰ-ਐੱਸ. ਏ. ਡੀ.), ਬਠਿੰਡਾ ਦਿਹਾਤੀ ਤੋਂ ਬਲਜਿੰਦਰ ਸਿੰਘ ਬੱਬੀ (ਜ਼ਿਲ੍ਹਾ ਜਨਰਲ ਸਕੱਤਰ ਯੂਥ ਕਾਂਗਰਸ) ਤੇ ਮੁਹਾਲੀ ਤੋਂ ਸੋਹਣ ਸਿੰਘ ਬਾਵਾ (ਸਾਬਕਾ ਜ਼ਿਲ੍ਹਾ ਬਸਪਾ ਪ੍ਰਧਾਨ), ਫਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਬਲਕਾਰ ਸਿੰਘ (ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ), ਅਸ਼ੋਕ ਕੁਮਾਰ (ਜ਼ਿਲ੍ਹਾ ਪ੍ਰਧਾਨ ਲੋਕ ਸਵਰਾਜ ਪਾਰਟੀ), ਸਵਰਨ ਸਿੰਘ ਸੁਹਾਘੜੀ (ਜਨਰਲ ਸਕੱਤਰ ਜ਼ਿਲ੍ਹਾ ਕਿਸਾਨ ਸੈੱਲ), ਨੰਬਰਦਾਰ ਹਰਬੰਸ ਸਿੰਘ, ਵਿਸਾਖੀ ਰਾਮ ਨਬੀਪੁਰ, ਸਤਨਾਮ ਸਿੰਘ ਨਬੀਪੁਰ, ਐਡਵੋਕੇਟ ਗੁਰਦੀਪ ਬਿੰਬਰਾ (ਸਾਬਕਾ ਸੰਯੁਕਤ ਸਕੱਤਰ ਜ਼ਿਲ੍ਹਾ ਬਾਰ ਐਸੋਸੀਏਸ਼ਨ), ਐਡਵੋਕੇਟ ਸੰਦੀਪ ਬਰਾੜ ਤੇ ਐਡਵੋਕੇਟ ਸਤਵਿੰਦਰ ਮਾਨ (ਸਾਬਕਾ ਪ੍ਰਧਾਨ ਕੇ. ਜੀ. ਐੱਸ. ਯੂ. ਚੰਡੀਗੜ੍ਹ) ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਪੂਰੇ ਪੰਜਾਬ 'ਚ ਵੱਧ ਤੋਂ ਵੱਧ ਲੋਕ ‘ਆਪ’ ਵਿਚ ਸ਼ਾਮਲ ਹੋ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇੱਥੇ ਹੀ ਪੰਜਾਬ ਦਾ ਭਵਿੱਖ ਨਜ਼ਰ ਆਉਂਦਾ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਕਾਂਗਰਸ ਸਰਕਾਰ ਵੱਲੋਂ ਟੈਕਸ ਦੇਣ ਵਾਲਿਆਂ ਦੀ ਮਿਹਨਤ ਦੀ ਕਰੋੜਾਂ ਦੀ ਕਮਾਈ ਝੂਠੇ ਇਸ਼ਤਿਹਾਰਾਂ ’ਤੇ ਬਰਬਾਦ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ 14 ਫ਼ਰਵਰੀ ਨੂੰ ਕਾਂਗਰਸ ਦੇ ਹਰ ਝੂਠ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ, ਕਿਉਂਕਿ ਇਨ੍ਹਾਂ (ਅਕਾਲੀ-ਭਾਜਪਾ) ਨੇ ਆਪਣੇ ਸਿਆਸੀ ਏਜੰਡੇ ਲਈ ਪੰਜਾਬ ਦੇ ਵੋਟਰਾਂ ਨੂੰ ਵੰਡਣ ਲਈ ਆਪਣੇ ਪਿਛਲੇ ਰਾਜ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਦਾ ਇਸਤੇਮਾਲ ਕੀਤਾ ਹੈ। ਸਾਲ 1986 'ਚ ਨਕੋਦਰ ਤੇ 2015 ਵਿਚ ਬਰਾਗੜੀ ਵਿਚ ਬੇਅਦਬੀ ਦੀਆਂ ਘਟਨਾਵਾਂ ਇਸ ਦੀਆਂ ਉਦਾਹਰਣਾਂ ਹਨ।
ਇਹ ਖ਼ਬਰ ਪੜ੍ਹੋ- NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ
ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਵਿਚ ਆਮ ਆਦਮੀ ਪਾਰਟੀ ਵੱਲੋਂ 'ਡਬਲ ਡੀਲ' ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਚੀਮਾ ਨੇ ਕਿਹਾ ਕਿ ਕੁਝ ਲੋਕ ਰਾਜਨੀਤੀ ਵਿਚ ਨਿੱਜੀ ਤੇ ਸੁਆਰਥੀ ਏਜੰਡੇ ਰੱਖਦੇ ਹਨ ਤੇ ਜਦੋਂ ਉਨ੍ਹਾਂ ਦੇ ਮਨਸੂਬੇ ਫੇਲ੍ਹ ਹੋ ਜਾਂਦੇ ਹਨ ਤਾਂ ਉਹ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਚੀਮਾ ਨੇ ਦਾਅਵਾ ਕੀਤਾ ਕਿ ‘ਆਪ’ ਨੇ 80 ਫੀਸਦੀ ਟਿਕਟਾਂ ਆਪਣੇ ਕੋਰ ਵਾਲੰਟੀਅਰਾਂ ਨੂੰ ਦਿੱਤੀਆਂ ਹਨ ਅਤੇ ਅਜਿਹਾ ਕਰਨ ਵਾਲੀ ਕੇਵਲ ‘ਆਪ’ ਪਾਰਟੀ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਪੁਲਸ ਦੇ ਤਬਾਦਲਿਆਂ ਦੀਆਂ ਖ਼ਬਰਾਂ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਚੀਮਾ ਨੇ ਕਿਹਾ ਕਿ ਜੇਕਰ ਅਜਿਹਾ ਕੁਝ ਹੋਇਆ ਹੈ ਤਾਂ 'ਆਪ' ਉੱਚ ਪੱਧਰੀ ਜਾਂਚ ਦੀ ਮੰਗ ਕਰਦੀ ਹੈ ਅਤੇ ਇਸ ਵਿਚ ਸ਼ਾਮਲ ਸਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੀ ਹੈ। ਹਰਪਾਲ ਚੀਮਾ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਤੇ ਕੋਵਿਡ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ ਕਿਉਂਕਿ ਲੋਕਾਂ ਦੀ ਸਿਹਤ 'ਆਪ' ਲਈ ਸਭ ਤੋਂ ਵੱਡੀ ਤਰਜੀਹ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।