ਮੇਅਰ ਬਣਨ ਦਾ ਲਾਲੀਪਾਪ ਲੈ ਕੇ ਬੈਠੇ ਕਈ ਆਗੂ ਹੁਣ ਕੌਂਸਲਰ ਦੀ ਟਿਕਟ ਲਈ ਵੀ ਤਰਸਣ ਲੱਗੇ

Friday, Aug 04, 2023 - 11:07 AM (IST)

ਜਲੰਧਰ (ਖੁਰਾਣਾ)–ਹਾਲ ਹੀ ਵਿਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚੋਣ ਅਤੇ ਉਸ ਤੋਂ ਬਾਅਦ ਪਾਰਟੀ ਦੀ ਭਾਰੀ ਜਿੱਤ ਨਾਲ ਜਿਹੜੇ ਸਿਆਸੀ ਸਮੀਕਰਨ ਵਿਧਾਨ ਸਭਾ ਹਲਕਿਆਂ ਵਿਚ ਬਦਲੇ ਹਨ, ਉਸ ਦਾ ਸਿੱਧਾ-ਸਿੱਧਾ ਅਸਰ ਹੁਣ ਵਾਰਡ ਪੱਧਰ ’ਤੇ ਵੀ ਦਿਸ ਰਿਹਾ ਹੈ। ਲੋਕ ਸਭਾ ਦੀ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਸਾਰੇ ਵਿਧਾਨ ਸਭਾ ਹਲਕਿਆਂ ਵਿਚ ‘ਆਪ’ ਦੇ ਵਿਧਾਇਕ ਅਤੇ ਹਲਕਾ ਇੰਚਾਰਜ ਪੂਰੇ ਪਾਵਰਫੁੱਲ ਸਨ। ਅਜਿਹੇ ਵਿਚ ਉਨ੍ਹਾਂ ਆਪਣੇ-ਆਪਣੇ ਵਿਧਾਨ ਸਭਾ ਹਲਕੇ ਵਿਚ ਨਿਗਮ ਚੋਣਾਂ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਅਤੇ ਹਰ ਵਾਰਡ ਤੋਂ ਜਿੱਥੇ ਕੌਂਸਲਰ ਦੀ ਟਿਕਟ ਦੇ ਦਾਅਵੇਦਾਰਾਂ ਦੀ ਪਿੱਠ ਥਾਪੜਨੀ ਸ਼ੁਰੂ ਕੀਤੀ ਹੋਈ ਸੀ, ਉਥੇ ਹੀ ਉਨ੍ਹਾਂ ਆਪਣੇ-ਆਪਣੇ ਇਲਾਕੇ ਵਿਚ ਕਈ ਆਗੂਆਂ ਨੂੰ ਮੇਅਰ ਬਣਾਉਣ ਸਬੰਧੀ ਲਾਲੀਪਾਪ ਵੀ ਦਿੱਤੇ ਹੋਏ ਸਨ।

ਇਕ ਸਮਾਂ ਤਾਂ ਅਜਿਹਾ ਵੀ ਆਇਆ ਸੀ, ਜਦੋਂ ਲਗਭਗ ਅੱਧੀ ਦਰਜਨ ‘ਆਪ’ ਆਗੂ ਮੇਅਰ ਦੀ ਕੁਰਸੀ ’ਤੇ ਆਪਣਾ ਦਾਅਵਾ ਤਕ ਠੋਕ ਚੁੱਕੇ ਸਨ ਅਤੇ ਖ਼ੁਦ ਨੂੰ ਮੇਅਰ ਸਮਝਣ ਵੀ ਲੱਗ ਗਏ ਸਨ। ਉਨ੍ਹਾਂ ਦੀ ਗੱਲਬਾਤ ਵਿਚ ਤਕ ਵਿਚ ਆਕੜ ਆ ਗਈ ਸੀ ਅਤੇ ਉਨ੍ਹਾਂ ਖੁਦ ਨੂੰ ਉਸੇ ਤਰ੍ਹਾਂ ਪੇਸ਼ ਕਰਨਾ ਵੀ ਸ਼ੁਰੂ ਕੀਤਾ ਹੋਇਆ ਸੀ। ਲੋਕ ਸਭਾ ਦੀ ਜ਼ਿਮਨੀ ਚੋਣ ਖ਼ਤਮ ਹੁੰਦੇ ਹੀ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲੇ, ਜਿੱਥੇ ਮੇਅਰ ਬਣਨ ਦਾ ਲਾਲੀਪਾਪ ਲੈ ਕੇ ਬੈਠੇ ਕਈ ਆਗੂਆਂ ਦੇ ਸਿਤਾਰੇ ਬਦਲ ਗਏ, ਉਥੇ ਹੀ ਹੁਣ ਮੇਅਰ ਅਹੁਦੇ ਦਾ ਸੁਫ਼ਨਾ ਸਜਾਈ ਬੈਠੇ ਵਧੇਰੇ ਆਗੂ ਅਜਿਹੇ ਹਨ, ਜਿਹੜੇ ਕੌਂਸਲਰ ਦੀ ਟਿਕਟ ਪਾਉਣ ਲਈ ਵੀ ਤਰਸ ਰਹੇ ਸਨ।

ਇਹ ਵੀ ਪੜ੍ਹੋ- ਜਲੰਧਰ: ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ

ਨਿਗਮ 'ਚ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ, ‘ਆਪ’ ਨੇਤਾ ਪ੍ਰੇਸ਼ਾਨ
ਪਿਛਲੇ ਕਰੀਬ ਡੇਢ ਸਾਲ ਤੋਂ ਵੱਖ-ਵੱਖ ਵਾਰਡਾਂ ਵਿਚ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਜ਼ਿਆਦਾਤਰ ਨੇਤਾ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਜਲੰਧਰ ਨਗਰ ਨਿਗਮ ਤੋਂ ਕੋਈ ਰਿਪੋਰਟ ਨਹੀਂ ਮਿਲ ਰਹੀ ਅਤੇ ਇਸ ਸਮੇਂ ਜਲੰਧਰ ਨਿਗਮ ਵਿਚ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ, ਜਿਸ ਕਾਰਨ ਸੱਤਾ ਧਿਰ ਦੇ ਅਕਸ ’ਤੇ ਕਾਫ਼ੀ ਬੁਰਾ ਪ੍ਰਭਾਵ ਪੈ ਰਿਹਾ ਹੈ। ਨਿਗਮ ਵਿਚ ਸੀਵਰੇਜ ਅਤੇ ਗੰਦੇ ਪਾਣੀ ਸਬੰਧੀ ਸ਼ਿਕਾਇਤਾਂ ਦੇ ਢੇਰ ਲੱਗੇ ਹੋਏ ਹਨ ਪਰ ਨਿਗਮ ਦੇ ਅਫ਼ਸਰ ਦੂਜੇ ਹੀ ਕੰਮਾਂ ਵਿਚ ਰੁੱਝੇ ਹੋਏ ਹਨ।

ਸੀ. ਐੱਮ. ਦੀ ਗ੍ਰਾਂਟ ਨੂੰ ਵੀ ਖ਼ਰਚ ਨਹੀਂ ਕਰ ਪਾ ਰਿਹਾ ਨਿਗਮ
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਸ਼ਹਿਰ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਗ੍ਰਾਂਟ ਕਈ ਮਹੀਨੇ ਪਹਿਲਾਂ ਜਾਰੀ ਕੀਤੀ ਸੀ। ਹਰ ਸਿਆਸੀ ਪਾਰਟੀ ਦਾ ਮਕਸਦ ਹੁੰਦਾ ਹੈ ਕਿ ਗ੍ਰਾਂਟ ਨਾਲ ਹੋਣ ਵਾਲੇ ਕੰਮ ਉਸ ਨੂੰ ਅਗਲੀਆਂ ਚੋਣਾਂ ਵਿਚ ਫਾਇਦਾ ਪਹੁੰਚਾਉਣ ਪਰ ਇਸ ਵਾਰ ਅਜਿਹਾ ਹੁੰਦਾ ਨਹੀਂ ਦਿਸ ਰਿਹਾ। ਨਗਰ ਨਿਗਮ ਸੀ. ਐੱਮ. ਵੱਲੋਂ ਭੇਜੀ ਗ੍ਰਾਂਟ ਨੂੰ ਖ਼ਰਚ ਹੀ ਨਹੀਂ ਕਰ ਪਾ ਰਿਹਾ। ਇਸ ਸਮੇਂ ਨਿਗਮ ਦੇ ਠੇਕੇਦਾਰ ਅਫ਼ਸਰਸ਼ਾਹੀ ’ਤੇ ਵੀ ਹਾਵੀ ਹਨ ਅਤੇ ਕੰਮ ਰੋਕ ਕੇ ਬੈਠੇ ਹੋਏ ਹਨ। ਨਿਗਮ ਦੇ ਕਈ ਅਫ਼ਸਰ ਮੁੱਖ ਮੰਤਰੀ ਵੱਲੋਂ ਭੇਜੀ ਗ੍ਰਾਂਟ ਦੀ ਦੁਰਵਰਤੋਂ ਕਰਨ ਵਿਚ ਹੀ ਲੱਗੇ ਹੋਏ ਹਨ। ਇਸ ਬਾਰੇ ਕਈ ਸ਼ਿਕਾਇਤਾਂ ਚੰਡੀਗੜ੍ਹ ਭੇਜੀਆਂ ਜਾ ਚੁੱਕੀਆਂ ਹਨ। ਚੰਡੀਗੜ੍ਹ ਤੋਂ ਆਈਆਂ ਟੀਮਾਂ ਨੇ ਮੁੱਖ ਮੰਤਰੀ ਦੀ ਗ੍ਰਾਂਟ ਦੀ ਦੁਰਵਰਤੋਂ ਦਾ ਪਤਾ ਵੀ ਲਾ ਲਿਆ ਪਰ ਫਿਰ ਵੀ ਦੋਸ਼ੀ ਅਧਿਕਾਰੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਅਫਸਰ ਹੀ ਅਫਸਰਾਂ ਨੂੰ ਬਚਾਅ ਰਹੇ ਹਨ।

ਇਹ ਵੀ ਪੜ੍ਹੋ- ਨੂਰਮਹਿਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ, ਨਵਜੰਮੀ ਬੱਚੀ ਖੇਤਾਂ ’ਚੋਂ ਮਿਲੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News