ਕਰਤਾਰਪੁਰ ਲਾਂਘੇ ''ਤੇ ਭਾਰਤ-ਪਾਕਿ ਵਿਚਕਾਰ ਕਈ ਮਤਭੇਦ

07/02/2019 9:43:15 PM

ਚੰਡੀਗੜ੍ਹ (ਅਸ਼ਵਨੀ)- ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਕਾਰ ਕਈ ਮਤਭੇਦ ਅਜੇ ਵੀ ਕਾਇਮ ਹਨ। ਬੇਸ਼ੱਕ ਇਸ ਮਾਮਲੇ 'ਚ ਮਾਰਚ, 2019 ਦੌਰਾਨ ਭਾਰਤ-ਪਾਕਿ ਵਿਚਕਾਰ ਸੰਯੁਕਤ ਸਕੱਤਰ ਪੱਧਰ 'ਤੇ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਵੀ ਕਈ ਮੁੱਦੇ ਅਣਸੁਲਝੇ ਹਨ। ਇਨ੍ਹਾਂ ਮਸਲਿਆਂ ਨੂੰ ਲੈ ਕੇ ਹੁਣ 10 ਤੋਂ 14 ਜੁਲਾਈ ਵਿਚਕਾਰ ਦੂਜੀ ਸੰਯੁਕਤ ਸਕੱਤਰ ਪੱਧਰ ਦੀ ਬੈਠਕ ਪ੍ਰਸਤਾਵਿਤ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਚ ਪਾਕਿਸਤਾਨ ਨੂੰ ਬੈਠਕ ਕਰਨ ਦਾ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਪਾਕਿਸਤਾਨ ਨੇ ਕਬੂਲ ਕਰ ਲਿਆ ਹੈ। ਉਧਰ ਤਕਨੀਕੀ ਪੱਧਰ 'ਤੇ ਬੈਠਕਾਂ ਦਾ ਦੌਰ ਜਾਰੀ ਹੈ। 27 ਮਈ, 2019 ਨੂੰ ਤੀਜੀ ਬੈਠਕ ਸੰਪੰਨ ਹੋਈ ਸੀ, ਜਿਸ 'ਚ ਕਈ ਪਹਿਲੂਆਂ 'ਤੇ ਚਰਚਾ ਕੀਤੀ ਗਈ ਹੈ। ਹਾਲਾਂਕਿ ਇਨ੍ਹਾਂ ਸਾਰੇ ਪਹਿਲੂਆਂ 'ਤੇ ਅੰਤਮ ਫੈਸਲਾ ਪ੍ਰਸਤਾਵਿਤ ਸੰਯੁਕਤ ਸਕੱਤਰ ਪੱਧਰ ਦੀ ਬੈਠਕ 'ਚ ਹੀ ਲਿਆ ਜਾਵੇਗਾ।

ਇਸ ਬੈਠਕ 'ਚ ਖਾਸ ਤੌਰ 'ਤੇ ਵੀਜ਼ਾ ਫ਼ੀਸ ਜਾਂ ਐਂਟਰੀ ਫ਼ੀਸ 'ਤੇ ਚਰਚਾ ਹੋਣੀ ਹੈ। ਪਾਕਿਸਤਾਨ ਅਜੇ ਵੀ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ ਫੀਸ ਵਸੂਲਣ 'ਤੇ ਕਾਇਮ ਹੈ। ਪਾਕਿਸਤਾਨ ਨੇ ਆਮ ਦਿਨਾਂ 'ਚ ਯਾਤਰਾ 'ਤੇ ਪ੍ਰਤੀ ਸ਼ਰਧਾਲੂ 1600 ਐਂਟਰੀ ਜਾਂ ਪਰਮਿਟ ਫ਼ੀਸ ਵਸੂਲਣ ਦੀ ਗੱਲ ਕੀਤੀ ਹੈ। ਉਥੇ ਹੀ, ਖਾਸ ਮੌਕਿਆਂ 'ਤੇ ਇਹ ਫ਼ੀਸ ਵਧਾ ਕੇ 8000 ਰੁਪਏ ਵਸੂਲਣ ਦਾ ਪ੍ਰਸਤਾਵ ਹੈ ਜਦੋਂਕਿ ਭਾਰਤ ਸਰਕਾਰ ਬਿਨਾਂ ਫ਼ੀਸ ਦੇ ਸ਼ਰਧਾਲੂਆਂ ਦੀ ਐਂਟਰੀ ਚਾਹੁੰਦੀ ਹੈ। ਉਥੇ ਹੀ, ਰਾਵੀ 'ਤੇ ਪੁਲ ਨਿਰਮਾਣ 'ਤੇ ਵੀ ਅਜੇ ਦੁਚਿੱਤੀ ਬਣੀ ਹੋਈ ਹੈ। ਪਾਕਿਸਤਾਨ ਪੁਲ ਦੀ ਬਜਾਏ ਕਾਜ਼ਵੇ ਬਣਾਉਣ ਦੀ ਗੱਲ ਕਹਿ ਰਿਹਾ ਹੈ। ਇਸ ਕੜੀ 'ਚ ਭਾਰਤ ਨੇ ਪ੍ਰਤੀ ਦਿਨ 5000 ਸ਼ਰਧਾਲੂਆਂ ਦੇ ਮੱਥਾ ਟੇਕਣ ਦਾ ਪ੍ਰਸਤਾਵ ਦਿੱਤਾ ਸੀ ਜਦੋਂਕਿ ਪਾਕਿਸਤਾਨ ਹੁਣ ਵੀ ਸਿਰਫ਼ ਪ੍ਰਤੀ ਦਿਨ 700 ਸ਼ਰਧਾਲੂਆਂ ਦੀ ਐਂਟਰੀ 'ਤੇ ਸਹਿਮਤ ਹੈ।

ਸਿਰਫ ਭਾਰਤ 'ਚ ਰਹਿਣ ਵਾਲੇ ਨੂੰ ਹੀ ਐਂਟਰੀ
ਪਾਕਿਸਤਾਨ ਅਜੇ ਵੀ ਸਿਰਫ਼ ਭਾਰਤ 'ਚ ਰਹਿਣ ਵਾਲੇ ਭਾਰਤੀਆਂ ਨੂੰ ਹੀ ਮੱਥਾ ਟੇਕਣ ਦੀ ਆਗਿਆ ਦੇਣ 'ਤੇ ਕਾਇਮ ਹੈ। ਉੱਧਰ ਭਾਰਤ ਸਰਕਾਰ ਚਾਹੁੰਦੀ ਹੈ ਕਿ ਸਿਟੀਜ਼ਨ ਆਫ ਇੰਡੀਆ ਤੋਂ ਇਲਾਵਾ ਭਾਰਤ 'ਚ ਪੈਦਾ ਹੋਏ ਸਾਰੇ ਬਾਸ਼ਿੰਦੇ ਜਾਂ ਓ.ਸੀ.ਆਈ. ਕਾਰਡ ਹੋਲਡਰਜ਼ ਨੂੰ ਵੀ ਕਰਤਾਰਪੁਰ ਲਾਂਘੇ ਰਾਹੀਂ ਮੱਥਾ ਟੇਕਣ ਦੀ ਆਗਿਆ ਮਿਲੇ।

ਸਿਰਫ਼ ਵਿਜ਼ਟਿੰਗ ਡੇ 'ਤੇ ਯਾਤਰਾ
ਪਾਕਿਸਤਾਨ ਨਾਲ ਯਾਤਰਾ ਦੇ ਦਿਨ ਦਾ ਵਿਵਾਦ ਵੀ ਅਜੇ ਸੁਲਝ ਨਹੀਂ ਸਕਿਆ ਹੈ। ਪਾਕਿਸਤਾਨ ਯਾਤਰਾ ਲਈ ਕੁੱਝ ਦਿਨ ਨਿਰਧਾਰਤ ਕਰਨ 'ਤੇ ਕਾਇਮ ਹੈ ਜਦੋਂਕਿ ਭਾਰਤ ਸਰਕਾਰ ਹਫਤੇ ਦੇ ਸੱਤ ਦਿਨ ਯਾਤਰਾ ਦੇ ਦਰਵਾਜ਼ੇ ਖੁੱਲ੍ਹੇ ਰੱਖਣ 'ਤੇ ਕਾਇਮ ਹੈ। ਹਾਲਾਂਕਿ ਸੁਰੱਖਿਆ ਮਾਮਲੇ 'ਤੇ ਦੋਵੇਂ ਦੇਸ਼ ਸਹਿਮਤ ਹਨ। ਪਾਕਿਸਤਾਨ ਨੇ ਭਰੋਸਾ ਦਿਵਾਇਆ ਹੈ ਕਿ ਇਸ ਕੋਰੀਡੋਰ ਰਾਹੀਂ ਕਿਸੇ ਵੀ ਭਾਰਤ ਵਿਰੋਧੀ ਗਤੀਵਿਧੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Karan Kumar

Content Editor

Related News