ਮਾਨਸਾ ਪੁਲਸ ਵੱਲੋਂ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ''ਤੇ ਛਾਪੇ
Monday, Aug 14, 2017 - 03:51 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਜ਼ਿਲਾ ਮਾਨਸਾ ਪੁਲਸ ਨੇ ਸਥਾਨਕ ਇਕ ਬਾਜ਼ਾਰ 'ਚ ਕੀੜੇਮਾਰ ਦਵਾਈਆਂ ਦੀਆਂ 2 ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਦੁਕਾਨਦਾਰਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਕਤ ਦੋਵੇਂ ਦੁਕਾਨਾਂ ਬੰਦ ਪਈਆਂ ਸਨ, ਜਿਸ ਕਾਰਨ ਦੁਕਾਨਦਾਰ ਪੁਲਸ ਦੇ ਹੱਥ ਨਹੀਂ ਲੱਗੇ। ਪੁਲਸ ਨਾਲ ਆਈ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਇਨ੍ਹਾਂ ਦੋਵਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਕਾਰਵਾਈ ਦੀ ਸੂਚਨਾ ਮਿਲਦਿਆਂ ਹੀ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਅਤੇ ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਧੀਰਜ ਕੁਮਾਰ ਦੱਦਾਹੂਰ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਦੀ ਪੁਲਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਵਪਾਰੀ ਆਗੂਆਂ ਦਾ ਕਹਿਣਾ ਸੀ ਕਿ ਪੁਲਸ ਨੇ ਬਿਨਾਂ ਜਾਂਚ ਕੀਤੇ ਹੀ ਦੁਕਾਨਦਾਰਾਂ 'ਤੇ ਕੇਸ ਦਰਜ ਕਰ ਦਿੱਤਾ ਹੈ। ਇਸ ਮੌਕੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਮਾਨਸਾ ਪੁਲਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਪੁਲਸ ਨੇ ਇਕ ਵਿਅਕਤੀ ਤੋਂ ਐਕਸਪਾਇਰ ਦਵਾਈਆਂ ਦੀ ਫੜੀ ਸੀ ਖੇਪ : ਜ਼ਿਲਾ ਮਾਨਸਾ ਦੇ ਕਸਬਾ ਜੋਗਾ ਥਾਣੇ ਦੇ ਪੁਲਸ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮਾਨਸਾ ਵਾਸੀ ਭੂਸ਼ਣ ਕੁਮਾਰ ਪੁੱਤਰ ਦਿਆ ਰਾਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 75 ਲਿਟਰ ਐਕਸਪਾਇਰੀ ਕੀੜੇਮਾਰ ਦਵਾਈਆਂ ਦੀ ਖੇਪ ਫੜੀ ਸੀ। ਪੁੱਛਗਿੱਛ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਉਕਤ ਐਕਸਪਾਇਰੀ ਦਵਾਈਆਂ ਉਹ ਬਰਨਾਲਾ ਦੀਆਂ 2 ਦੁਕਾਨਾਂ ਤੋਂ ਲੈ ਕੇ ਆਇਆ ਹੈ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਉਕਤ ਦੋਵਾਂ ਦੁਕਾਨਦਾਰਾਂ ਖਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੂੰ ਅੱਜ ਉਹ ਗ੍ਰਿਫਤਾਰ ਕਰਨ ਲਈ ਆਏ ਸਨ। ਦੁਕਾਨਦਾਰਾਂ ਦੇ ਪੁਲਸ ਦੇ ਹੱਥ ਨਾ ਲੱਗਣ ਕਾਰਨ ਖੇਤੀਬਾੜੀ ਵਿਭਾਗ ਨੇ ਉਕਤ ਦੋਵੇਂ ਦੁਕਾਨਾਂ ਸੀਲ ਕਰ ਦਿੱਤੀਆਂ।
ਨਰਮੇ 'ਤੇ ਚਿੱਟੀ ਸੁੰਡੀ ਪੈਣ ਦੇ ਹਮਲੇ ਕਾਰਨ ਪੁਲਸ ਨੇ ਕੀਤੀ ਕਾਰਵਾਈ : ਮਾਨਸਾ ਤੋਂ ਆਏ ਇਕ ਪੁਲਸ ਕਰਮਚਾਰੀ ਨੇ ਕਿਹਾ ਕਿ ਜ਼ਿਲਾ ਮਾਨਸਾ 'ਚ ਨਰਮੇ 'ਤੇ ਚਿੱਟੀ ਸੁੰਡੀ ਦੀ ਮਾਰ ਪੈਣ ਕਾਰਨ ਉਥੇ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਐਕਸਪਾਇਰ ਦਵਾਈਆਂ ਦੀ ਖੇਪ ਫੜੀ ਹੈ।
ਧੱਕੇਸ਼ਾਹੀ ਖਿਲਾਫ ਕੀਤਾ ਜਾਵੇਗਾ ਸੰਘਰਸ਼ ਦਾ ਐਲਾਨ : ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਦੋਸ਼ੀ ਦੇ ਕਹਿਣ 'ਤੇ ਹੀ ਪੁਲਸ ਨੇ ਬੇਕਸੂਰ ਦੁਕਾਨਦਾਰਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਜਦੋਂਕਿ ਪੁਲਸ ਨੇ ਦੁਕਾਨਦਾਰਾਂ ਦੀ ਕੋਈ ਵੀ ਜਾਂਚ ਨਹੀਂ ਕੀਤੀ। ਪੈਸਟੀਸਾਈਡ ਐਸੋਸੀਏਸ਼ਨ ਦੇ ਪ੍ਰਧਾਨ ਧੀਰਜ ਕੁਮਾਰ ਦੱਦਾਹੂਰ ਨੇ ਕਿਹਾ ਕਿ ਮੇਰੀ ਦੁਕਾਨਦਾਰਾਂ ਨਾਲ ਗੱਲ ਹੋਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਲ ਸਾਡੀ ਦੁਕਾਨ ਤੋਂ ਨਹੀਂ ਗਿਆ, ਨਾ ਹੀ ਸਾਡੀ ਦੁਕਾਨ ਦਾ ਕੋਈ ਬਿੱਲ ਕੱਟਿਆ ਹੋਇਆ ਹੈ। ਸਾਡੇ 'ਤੇ ਪੁਲਸ ਨੇ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਸਟੀਸਾਈਡ ਐਸੋ. ਦੀ ਇਕ ਹੰਗਾਮੀ ਮੀਟਿੰਗ ਬੁਲਾਈ ਜਾਵੇਗੀ, ਜਿਸ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਪਾਰ ਮੰਡਲ ਵੱਲੋਂ ਬਾਜ਼ਾਰ ਬੰਦ ਕਰਵਾ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਮਾਨਸਾ ਪੁਲਸ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।
