ਮਾਨਸਾ ਪੁਲਸ ਨੇ ਇਕ ਮਹੀਨੇ ’ਚ ਨਸ਼ੇ ਵਾਲੇ ਪਦਾਰਥਾਂ ਸਮੇਤ 138 ਵਿਅਕਤੀ ਕੀਤੇ ਗ੍ਰਿਫਤਾਰ
Wednesday, Jul 21, 2021 - 02:09 AM (IST)

ਮਾਨਸਾ(ਸੰਦੀਪ ਮਿੱਤਲ)- ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਨੇ ਵੱਡਾ ਮਾਰਕਾ ਮਾਰਦਿਆਂ ਲੰਘੇ ਮਹੀਨੇ ਦੌਰਾਨ ਵੱਡੀ ਗਿਣਤੀ ਵਿਚ ਨਸ਼ੇ ਵਾਲੇ ਪਦਾਰਥਾਂ ਸਮੇਤ 138 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜ਼ਿਲ੍ਹਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਐੱਨ. ਡੀ. ਪੀ. ਐੱਸ. ਐਕਟ ਤਹਿਤ 50 ਮੁਕੱਦਮੇ ਦਰਜ ਕਰ ਕੇ 65 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 70 ਗ੍ਰਾਮ ਹੈਰੋਇਨ (ਚਿੱਟਾ), 9 ਗ੍ਰਾਮ ਸਮੈਕ, 200 ਗ੍ਰਾਮ ਅਫੀਮ, 89 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 9655 ਨਸ਼ੇ ਵਾਲੀਆਂ ਗੋਲੀਆਂ ਅਤੇ 31 ਨਸ਼ੇ ਵਾਲੀਆਂ ਸੀਸ਼ੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ 67 ਮੁਕੱਦਮੇ ਦਰਜ ਕਰ ਕੇ 73 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 1745 ਲਿਟਰ ਲਾਹਣ, 3 ਚਾਲੂ ਭੱਠੀਆਂ, 1690 ਲਿਟਰ ਸ਼ਰਾਬ ਠੇਕਾ, 590 ਲਿਟਰ ਸ਼ਰਾਬ ਨਾਜਾਇਜ਼, 359 ਲੀਟਰ ਸ਼ਰਾਬ ਅੰਗਰੇਜ਼ੀ ਅਤੇ 63 ਲਿਟਰ ਬੀਅਰ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।