ਸਿੱਧੂ ਮੂਸੇ ਵਾਲਾ ਦੀ ਹਾਰ ਤੈਅ, ਐਲਾਨ ਹੋਣਾ ਬਾਕੀ

Thursday, Mar 10, 2022 - 12:58 PM (IST)

ਮਾਨਸਾ (ਬਿਊਰੋ)– ਮਾਨਸਾ ਹਲਕੇ ’ਚ 9ਵੇਂ ਗੇੜ ਦੀਆਂ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਤੇ ਨਤੀਜਿਆਂ ’ਚ ਸਿੱਧੂ ਮੂਸੇ ਵਾਲਾ ਅਜੇ ਵੀ ਦੂਜੇ ਨੰਬਰ ’ਤੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਕੁਲ 59493 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ।

ਉਥੇ ਦੂਜੇ ਨੰਬਰ ’ਤੇ ਸਿੱਧੂ ਮੂਸੇ ਵਾਲਾ ਹਨ, ਜਿਨ੍ਹਾਂ ਨੂੰ 9ਵੇਂ ਗੇੜ ਤਕ ਸਿਰਫ 20604 ਵੋਟਾਂ ਹੀ ਹਾਸਲ ਹੋਈਆਂ ਹਨ। ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਕੁਮਾਰ ਅਰੋੜਾ ਹਨ, ਜਿਨ੍ਹਾਂ ਨੂੰ 9ਵੇਂ ਗੇੜ ਤਕ ਸਿਰਫ 15793 ਵੋਟਾਂ ਹੀ ਪਈਆਂ ਹਨ।

PunjabKesari

ਵਿਧਾਨ ਸਭਾ ਹਲਕੇ ਮਾਨਸਾ ਦੇ 34 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਮਾਨਸਾ ਪੰਜਾਬ ਦੀਆਂ ਹੌਟ ਸੀਟਾਂ ’ਚੋਂ ਇਕ ਹੈ ਕਿਉਂਕਿ ਇਥੋਂ ਮਸ਼ਹੂਰ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਚੋਣ ਮੈਦਾਨ ’ਚ ਹਨ। ਸਿੱਧੂ ਮੂਸੇ ਵਾਲਾ ਨੇ ਕਾਂਗਰਸ ਪਾਰਟੀ ਤੋਂ ਚੋਣ ਲੜੀ ਹੈ ਤੇ ਸਭ ਦੀਆਂ ਨਜ਼ਰਾਂ ਸਿੱਧੂ ਮੂਸੇ ਵਾਲਾ ’ਤੇ ਟਿਕੀਆਂ ਹੋਈਆਂ ਹਨ। ਸਿੱਧੂ ਮੂਸੇ ਵਾਲਾ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਇਹ ਕਰੋੜਾਂ ’ਚ ਹੈ ਪਰ ਕੀ ਇਹ ਫੈਨ ਫਾਲੋਇੰਗ ਉਸ ਨੂੰ ਚੋਣ ਮੈਦਾਨ ’ਚ ਜਿੱਤ ਦਿਵਾਏਗੀ ਜਾਂ ਨਹੀਂ, ਇਸ ਗੱਲ ਦਾ ਫ਼ੈਸਲਾ ਕੁਝ ਘੰਟਿਆਂ ’ਚ ਹੀ ਹੋਣ ਜਾ ਰਿਹਾ ਹੈ।

ਦੱਸ ਦੇਈਏ ਕਿ ਮਾਨਸਾ ਜ਼ਿਲ੍ਹੇ ’ਚ ਵੋਟਾਂ ਪਾਉਣ ਦੀ ਪ੍ਰਤੀਸ਼ਤਤਾ ਕਰੀਬ 81.13 ਫ਼ੀਸਦੀ ਰਹੀ ਹੈ। ਵਿਧਾਨ ਸਭਾ ਚੋਣ ਹਲਕਾ 96-ਮਾਨਸਾ ’ਚ ਕਰੀਬ 78.98 ਫੀਸਦੀ, 97-ਸਰਦੂਲਗੜ੍ਹ ’ਚ ਕਰੀਬ 83.45 ਫੀਸਦੀ ਤੇ 98-ਬੁਢਲਾਡਾ ’ਚ ਕਰੀਬ 81 ਫ਼ੀਸਦੀ ਵੋਟਾਂ ਪਈਆਂ।

ਇਨ੍ਹਾਂ ਚੋਣਾਂ ਦੌਰਾਨ ਜ਼ਿਲ੍ਹੇ ਦੇ 34 ਉਮੀਦਵਾਰਾਂ, ਜਿਨ੍ਹਾਂ ’ਚ ਮਾਨਸਾ ਦੇ 11, ਸਰਦੂਲਗੜ੍ਹ ਦੇ 13 ਤੇ ਬੁਢਲਾਡਾ ਦੇ 10 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਣ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News