ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ ਆਮ ਆਦਮੀ ਪਾਰਟੀ ''ਚ ਸ਼ਾਮਲ

02/20/2020 1:23:30 PM

ਮਾਨਸਾ (ਸੰਦੀਪ ਮਿੱਤਲ) : ਯੂਥ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਮੈਂਬਰ ਰਹੇ ਗੁਰਪ੍ਰੀਤ ਸਿੰਘ ਬਣਾਂਵਾਲੀ ਬੁੱਧਵਾਰ ਨੂੰ ਸਿਆਸੀ ਪਲਟਾ ਮਾਰ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਸ ਜ਼ਿਲੇ ਅੰਦਰ ਵੱਡਾ ਧੱਕਾ ਲੱਗਾ ਹੈ। ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਸਮੇਂ 'ਆਪ' ਦੇ ਚੰਡੀਗੜ੍ਹ ਵਿਖੇ ਦਫਤਰ 'ਚ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਪ੍ਰੋ. ਬਲਜਿੰਦਰ ਕੌਰ ਅਤੇ ਕੋਰ ਕਮੇਟੀ ਮੈਂਬਰ ਐੱਮ. ਐੱਲ. ਏ. ਬੁਢਲਾਡਾ ਬੁੱਧ ਰਾਮ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਦਿਆਂ ਕਿਹਾ ਕਿ ਉਹ ਇਕ ਮਿਹਨਤੀ ਵਿਅਕਤੀ ਹਨ ਅਤੇ ਪਾਰਟੀ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਵੇਗੀ। ਮਾਨਸਾ ਜ਼ਿਲੇ 'ਚ ਗੁਰਪ੍ਰੀਤ ਬਣਾਂਵਾਲੀ ਦੇ ਆਮ ਆਦਮੀ ਪਾਰਟੀ 'ਚ ਜਾਣ ਨਾਲ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ। ਸਰਗਰਮ ਅਕਾਲੀ ਆਗੂ ਬਣਾਂਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਯੂਥ ਅਕਾਲੀ ਦਲ 'ਚ 16 ਸਾਲ ਜ਼ਿਲਾ ਪ੍ਰਧਾਨ ਤੇ ਹੋਰ ਵੱਖ-ਵੱਖ ਅਹੁਦਿਆਂ 'ਤੇ ਬਿਰਾਜਮਾਨ ਵੀ ਰਹੇ। ਉਨ੍ਹਾਂ ਬਰਨਾਲਾ ਜ਼ਿਲੇ ਦੇ ਅਬਜ਼ਰਬਰ ਦੇ ਤੌਰ 'ਤੇ ਅਕਾਲੀ ਦਲ ਲਈ ਕੰਮ ਕੀਤਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਜਲਾਲਾਬਾਦ ਹਲਕੇ 'ਚ ਸਖਤ ਮਿਹਨਤ ਕੀਤੀ। ਉਨ੍ਹਾਂ ਦੇ 'ਆਪ' 'ਚ ਸ਼ਾਮਲ ਹੋਣ ਦੀਆਂ ਅੱਜ ਸਾਰਾ ਦਿਨ ਜ਼ਿਲੇ ਭਰ 'ਚ ਸਿਆਸੀ ਗਲਿਆਰਿਆਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ। ਸਿਆਸੀ ਕੰਨਸੋਆ ਅਨੁਸਾਰ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਜਾਂ ਫਿਰ ਮਾਨਸਾ ਤੋਂ ਉਮੀਦਵਾਰ ਬਣਾ ਸਕਦੀ ਹੈ ਪਰ ਪਾਰਟੀ ਸੂਤਰਾਂ ਅਨੁਸਾਰ ਉਹ ਬਿਨਾਂ ਸ਼ਰਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਵੀ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਅਕਾਲੀ ਦਲ ਬਣ ਚੁੱਕੀ ਹੈ ਚਾਪਲੂਸਾਂ ਦੀ ਪਾਰਟੀ : ਬਣਾਂਵਾਲੀ
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ 'ਆਪ' 'ਚ ਸ਼ਾਮਲ ਹੋਣ 'ਚ ਆਪਣੇ ਪ੍ਰਤੀਕਰਮ 'ਚ ਬਣਾਂਵਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਮਿਹਨਤੀ ਆਗੂਆਂ ਤੇ ਵਰਕਰਾਂ ਦੀ ਭੋਰਾ ਵੀ ਕਦਰ-ਕੀਮਤ ਨਹੀਂ ਸਗੋਂ ਇਸ ਪਾਰਟੀ 'ਤੇ ਪਰਿਵਾਰਵਾਦ ਭਾਰੂ ਹੋ ਚੁੱਕਾ ਹੈ। ਹੁਣ ਇਹ ਚਾਪਲੂਸਾਂ ਦੀ ਪਾਰਟੀ ਬਣ ਚੁੱਕੀ ਹੈ। ਉਨ੍ਹਾਂ ਨੂੰ ਅੱਕ ਕੇ ਇਹ ਕਦਮ ਚੁੱਕਣਾ ਪਿਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਜਿਹੇ ਮੌਕਾ ਪ੍ਰਸਤ ਵਿਅਕਤੀਆਂ ਦੇ ਪਾਰਟੀ ਛੱਡਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ।


cherry

Content Editor

Related News