ਖੂਹੀ ''ਚ ਮਿੱਟੀ ਦੀਆਂ ਢਿੱਗਾਂ ਹੇਠ ਦੱਬੇ ਕਿਸਾਨ ਨੂੰ ਕੱਢਿਆ ਸਹੀ ਸਲਾਮਤ ਬਾਹਰ

08/07/2019 7:09:08 PM

ਮਾਨਸਾ,(ਸੰਦੀਪ ਮਿੱਤਲ): ਜ਼ਿਲਾ ਮਾਨਸਾ ਪ੍ਰਸ਼ਾਸ਼ਨ ਨੇ ਖੇਤ 'ਚ ਖੂਹੀ 'ਚ ਦਬੇ ਇਕ ਕਿਸਾਨ ਨੂੰ ਕਰੀਬ ਡੇਢ ਘੰਟੇ ਦਾ ਰੈਸਕਿਊ ਅਪਰੇਸ਼ਨ ਚਲਾ ਕੇ ਉਸ ਨੂੰ ਸਹੀ ਸਲਾਮਤ ਖੂਹੀ 'ਚੋਂ ਜ਼ਿੰਦਾ ਬਾਹਰ ਕੱਢ ਲਿਆ ਹੈ। ਉਹ ਖੂਹੀ ਅੰਦਰ 17-18 ਫੁੱਟ ਦੇ ਕਰੀਬ ਮਿੱਟੀ ਦੀਆਂ ਢਿੱਗਾਂ ਹੇਠ ਦਬ ਗਿਆ ਸੀ। ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ ਦੀ ਢਿੱਲੋਂ ਪੱਤੀ ਦਾ 35 ਸਾਲਾ ਕਿਸਾਨ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਜਿਸ ਕੋਲ ਢਾਈ ਏਕੜ ਜ਼ਮੀਨ ਹੈ, ਆਪਣੇ ਖੇਤ 'ਚ 7 ਅਗਸਤ ਨੂੰ ਦੁਪਹਿਰ ਦੇ ਕਰੀਬ 12 ਵਜੇ ਆਪਣੇ ਖੇਤ ਦੀ 25 ਫੁੱਟ ਡੂੰਘੀ ਖੂਹੀ 'ਚੋਂ ਇੱਟਾਂ ਕੱਢਣ ਦਾ ਕੰਮ ਕਰ ਰਿਹਾ ਸੀ ਤੇ ਖੂਹੀ ਨੂੰ ਮਿੱਟੀ ਨਾਲ ਭਰ ਰਿਹਾ ਸੀ। ਅਚਾਨਕ ਢਿੱਗਾਂ ਡਿੱਗਣ ਕਾਰਨ ਉਹ ਮਿੱਟੀ ਹੇਠਾਂ ਦਬ ਗਿਆ। ਉਸ ਨੂੰ ਬਚਾਉਣ ਲਈ ਇਸ ਬਾਰੇ ਪਟਵਾਰੀ ਵੇਦ ਪ੍ਰਕਾਸ਼ ਵਲੋਂ ਇਸ ਸਾਰੀ ਘਟਨਾ ਦੀ ਸੂਚਨਾ ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਨੂੰ ਦਿੱਤੀ ਗਈ, ਜਿਸ 'ਤੇ ਤਹਿਸੀਲਦਾਰ ਮਾਨਸਾ 1 ਵਜੇ ਘਟਨਾ ਵਾਲੇ ਸਥਾਨ 'ਤੇ ਪਹੁੰਚ ਗਏ। ਉਨ੍ਹਾਂ ਨੇ ਡਾਕਟਰੀ ਅਮਲੇ ਤੇ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਤੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਤਹਿਸੀਲਦਾਰ ਮਾਨਸਾ ਨੇ ਖੁਦ ਮੌਕੇ 'ਤੇ ਮੌਜੂਦ ਰਹਿ ਕੇ ਇਹ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰਵਾਇਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਕਿਸਾਨ ਜਸਵਿੰਦਰ ਸਿੰਘ ਨੂੰ ਬਚਾਉਣ ਲਈ ਤੁਰੰਤ ਰਾਹਤ ਕਾਰਜ ਆਰੰਭ ਦਿੱਤੇ ਗਏ ਤੇ ਮਿੱਟੀ ਨੂੰ ਕੱਢਣ ਲਈ 3 ਜੇ. ਸੀ. ਬੀ. ਮਸ਼ੀਨਾਂ ਲਗਾ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਡੇਢ ਘੰਟੇ ਦੇ ਲਗਾਤਾਰ ਚੱਲੇ ਇਸ ਬਚਾਅ ਕਾਰਜ ਤੋਂ ਬਾਅਦ ਕਿਸਾਨ ਜਸਵਿੰਦਰ ਸਿੰਘ ਨੂੰ ਸਹੀ ਸਲਾਮਤ ਖੂਹੀ 'ਚੋਂ ਬਾਹਰ ਕੱਢ ਲਿਆ ਗਿਆ ਤੇ ਤੁਰੰਤ ਹੀ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ ਗਿਆ, ਜਿਥੇ ਕਿ ਕਿਸਾਨ ਜਸਵਿੰਦਰ ਸਿੰਘ ਦੀ ਹਾਲਤ ਬਿਲਕੁੱਲ ਠੀਕ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਬਚਾਅ ਕਾਰਜ ਵਿੱਚ ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਕਿ ਦੁਪਹਿਰ 1 ਵਜੇ ਐਂਬੂਲੈਂਸ ਵੀ ਘਟਨਾ ਵਾਲੀ ਜਗਾ 'ਤੇ ਡਾਕਟਰੀ ਟੀਮ ਨਾਲ ਪੰਹੁਚ ਗਈ ਸੀ। ਦੁਪਹਿਰ 12.30 ਵਜੇ ਸ਼ੁਰੂ ਕੀਤੇ ਗਏ ਕਿਸਾਨ ਜਸਵਿੰਦਰ ਸਿੰਘ ਦੇ ਬਚਾਅ ਦਾ ਕਾਰਜ ਦੁਪਹਿਰ 1.55 ਤੱਕ ਮੁਕੰਮਲ ਹੋ ਚੁੱਕਾ ਸੀ ਤੇ ਕਿਸਾਨ ਨੂੰ ਸਹੀ ਸਲਾਮਤ ਖੂਹੀਂ 'ਚੋਂ ਬਾਹਰ ਕੱਢ ਲਿਆ ਗਿਆ ਸੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲਾ ਪ੍ਰਧਾਨ, ਜਗਦੇਵ ਸਿੰਘ ਭੈਣੀਬਾਘਾ, ਹਰਿੰਦਰ ਸਿੰਘ ਟੋਨੀ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ ਤੇ ਲੋਕਾਂ ਦੇ ਇਕੱਠ ਨੂੰ ਕਾਬੂ ਪਾਉਣ ਲਈ ਪੁਲਸ ਚੌਂਕੀ ਪਿੰਡ ਠੂਠਿਆਂਵਾਲੀ ਦੇ ਇੰਚਾਰਜ ਗੁਰਤੇਜ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਹਲਾਤਾਂ ਨੂੰ ਕਾਬੂ 'ਚ ਰੱਖਿਆ।


Related News