ਮਨਰੇਗਾ ਮਜ਼ਦੂਰਾਂ ਬੀ. ਡੀ. ਪੀ. ਓ. ਦਫਤਰ ਅੱਗੇ ਦਿੱਤਾ ਧਰਨਾ

Friday, Sep 29, 2017 - 02:03 AM (IST)

ਮਨਰੇਗਾ ਮਜ਼ਦੂਰਾਂ ਬੀ. ਡੀ. ਪੀ. ਓ. ਦਫਤਰ ਅੱਗੇ ਦਿੱਤਾ ਧਰਨਾ

ਬੁਢਲਾਡਾ,   (ਮਨਚੰਦਾ)-  ਸਥਾਨਕ ਬੀ. ਡੀ. ਪੀ. ਓ. ਦਫਤਰ ਵਿਖੇ ਨੇੜਲੇ ਪਿੰਡ ਦਾਤੇਵਾਸ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਇਕ ਰੋਹ ਭਰਭੂਰ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਕੁਲਵੰਤ ਸਿੰਘ ਅਤੇ ਸੀ. ਪੀ. ਆਈ. ਦੇ ਪਿੰਡ ਇਕਾਈ ਦੇ ਸਕੱਤਰ ਕਰਨੈਲ ਸਿੰਘ ਦਾਤੇਵਾਸ ਨੇ ਕਿਹਾ ਕਿ ਮਜ਼ਦੂਰਾਂ ਨੂੰ ਮਨਰੇਗਾ 'ਚ ਕੀਤੇ ਕੰਮਾਂ ਦਾ ਸਾਰਾ ਪੈਸਾ ਉਨ੍ਹਾਂ ਦੇ ਖਾਤਿਆਂ 'ਚ ਪਾਇਆ ਜਾਵੇ ਤੇ ਮਨਰੇਗਾ ਦੇ ਕੰਮਾਂ 'ਚ ਦਿਨ-ਬ-ਦਿਨ ਵਧ ਰਹੀ ਰਾਜਨੀਤਿਕ ਪਾਰਟੀਆਂ ਦੀ ਦਖਲ-ਅੰਦਾਜ਼ੀ ਤੁਰੰਤ ਬੰਦ ਕੀਤੀ ਜਾਵੇ। ਆਗੂਆਂ ਕਿਹਾ ਕਿ ਸੰਨ 2011 'ਚ ਕੀਤੇ ਸਰਵੇ ਮੁਤਾਬਕ ਮਜ਼ਦੂਰਾਂ ਦੇ ਘਰਾਂ ਦੀ ਬਣਦੀ ਮੁਰੰਮਤ ਦੇ ਪੈਸੇ ਜਲਦ ਰਿਲੀਜ਼ ਕੀਤੇ ਜਾਣ ਤਾਂ ਜੋ ਆਉਂਦੀਆਂ ਸਰਦੀਆਂ 'ਚ ਗਰੀਬ ਮਜ਼ਦੂਰ ਠੰਢ ਦੇ ਪ੍ਰਕੋਪ ਨਾਲ ਪ੍ਰਭਾਵਿਤ ਨਾ ਹੋ ਸਕਣ। 
ਉਨ੍ਹਾਂ ਅੰਤ 'ਚ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗਰੀਬ ਮਜ਼ਦੂਰਾਂ ਲਈ ਛੱਤ ਦਾ ਪ੍ਰਬੰਧ ਕਰਨ ਲਈ ਹਰੇਕ ਗਰੀਬ ਪਰਿਵਾਰ ਵਾਸਤੇ 10- 10 ਮਰਲਿਆਂ ਦੇ ਪੰਚਾਇਤੀ ਜ਼ਮੀਨ 'ਚੋਂ ਪਲਾਟ ਕੱਟੇ ਜਾਣ ਤਾਂ ਜੋ ਗਰੀਬ ਪਰਿਵਾਰ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਿਆ ਜਾ ਸਕੇ। ਇਸ ਮੌਕੇ ਲਿਬਰੇਸ਼ਨ ਆਗੂ ਬਲਵਿੰਦਰ ਸਿੰਘ, ਭੋਲਾ ਸਿੰਘ ਦਾਤੇਵਾਸ, ਚਰਨਜੀਤ ਸਿੰਘ, ਕੁਲਵੰਤ ਸਿੰਘ, ਨਾਜਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।


Related News