ਕੋਰੋਨਾ ਵਾਇਰਸ : ਮਨਪ੍ਰੀਤ ਬਾਦਲ ਵਲੋਂ ਮਾਂ ਦੇ ਅੰਤਿਮ ਸੰਸਕਾਰ ਸਬੰਧੀ ਲੋਕਾਂ ਨੂੰ ਖਾਸ ਅਪੀਲ
Thursday, Mar 19, 2020 - 04:14 PM (IST)
ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦੀ ਪਤਨੀ ਹਰਮੰਦਰ ਕੌਰ ਦਾ ਅੱਜ ਪਿੰਡ ਬਾਦਲ ਵਿਖੇ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਬਾਦਲ ਪਿੰਡ ਵਿਖੇ ਕੀਤਾ ਜਾਣਾ ਹੈ ਪਰ ਮਨਪ੍ਰੀਤ ਸਿੰਘ ਬਾਦਲ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਉਹ ਨਿਜੀ ਤੌਰ 'ਤੇ ਉਨ੍ਹਾਂ ਦੇ ਮਾਤਾ ਜੀ ਦੀ ਅੰਤਿਮ ਵਿਦਾਈ 'ਚ ਸ਼ਾਮਲ ਨਾ ਹੋਣ।
ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਨੂੰ ਮਿਲੀ ਹਮਦਰਦੀ ਅਤੇ ਸਹਾਇਤਾ ਸੰਦੇਸ਼ਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਲਿਖਿਆ ਕਿ ਇਸ ਔਖੇ ਸਮੇਂ ਨੂੰ ਸੁਖਾਲਾ ਬਣਾਉਣ ਲਈ ਲੋਕਾਂ ਦੀ ਦਿਆਲਤਾ ਨੇ ਉਨ੍ਹਾਂ ਨੂੰ ਬਹੁਤ ਬਲ ਬਖਸ਼ਿਆ ਹੈ। ਮਨਪ੍ਰੀਤ ਬਾਦਲ ਨੇ ਕੋਰੋਨਾ ਵਾਇਰਸ ਵਰਗੀ ਗੰਭੀਰ ਬੀਮਾਰੀ ਦੇ ਫੈਲਾਅ ਕਾਰਨ ਸਾਰਿਆਂ ਨੂੰ ਆਪਣੀ ਮਾਤਾ ਜੀ ਦੇ ਅੰਤਿਮ ਸੰਸਕਾਰ 'ਚ ਨਿਜੀ ਤੌਰ 'ਤੇ ਪੁੱਜਣ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਚਾਹੁਣ ਵਾਲੇ ਵੱਡੇ ਇਕੱਠ 'ਚ ਇਕੱਤਰ ਹੋ ਕੇ ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਜੋਖਮ ਨਾ ਪਾਉਣ, ਸਗੋਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਹੀ ਸੋਗ ਕਰਨ ਦੀ ਕਿਰਪਾਲਤਾ ਕਰਨ।
ਇਹ ਵੀ ਪੜ੍ਹੋ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਦਾ ਦਿਹਾਂਤ
ਅੱਜ ਸਵੇਰੇ ਲਏ ਆਖਰੀ ਸਾਹ
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮੰਦਰ ਕੌਰ ਨੇ ਅੱਜ ਪਿੰਡ ਬਾਦਲ ਵਿਖੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਇਕ ਪੁੱਤਰ ਅਤੇ ਇਕ ਧੀ ਨੂੰ ਛੱਡ ਗਏ ਹਨ। ਸਵਰਗੀ ਹਰਮੰਦਰ ਕੌਰ ਧਾਰਮਿਕ ਬਿਰਤੀ ਵਾਲੀ ਅਤੇ ਪੂਜਾ ਪਾਠ 'ਚ ਵਿਸ਼ਵਾਸ ਰੱਖਣ ਵਾਲੀ ਔਰਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਤਿੰਨ ਵਜੇ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ।
ਕੈਪਟਨ ਅਤੇ ਸੁਖਬੀਰ ਵਲੋਂ ਦੁੱਖ ਦਾ ਪ੍ਰਗਟਾਵਾ
ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਦੇ ਦਿਹਾਂਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੈਪਟਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਸਰਦਾਰਨੀ ਹਰਮੰਦਰ ਕੌਰ ਬਾਦਲ ਜੀ ਦੀ ਅਚਾਨਕ ਹੋਈ ਮੌਤ ਬਾਰੇ ਸੁਣ ਕੇ ਬੇਹੱਦ ਦੁੱਖ ਲੱਗਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਮੰਦਰ ਕੌਰ ਦੀ ਸਦੀਵੀ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਪਾਉਂਦਿਆ ਲਿਖਿਆ ਕਿ 'ਮੇਰੇ ਸਤਿਕਾਰਯੋਗ ਚਾਚੀ ਜੀ ਸਰਦਾਰਨੀ ਹਰਮੰਦਰ ਕੌਰ ਬਾਦਲ ਜੀ ਦੇ ਅਕਾਲ ਚਲਾਣੇ ਦਾ ਸਮੂਹ ਪਰਿਵਾਰ ਨੂੰ ਬਹੁਤ ਦੁੱਖ ਹੈ। ਉਨ੍ਹਾਂ ਦੀ ਰਹਿਮਦਿਲੀ, ਨਿਮਰਤਾ ਅਤੇ ਉਨ੍ਹਾਂ ਦੇ ਨਿੱਘ 'ਚ ਬਿਤਾਈਆਂ ਘੜੀਆਂ ਸਦਾ ਯਾਦ ਆਉਂਦੀਆਂ ਰਹਿਣਗੀਆਂ। ਵਹਿਗੁਰੂ ਜੀ ਉਨ੍ਹਾਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ।
ਇਹ ਵੀ ਪੜ੍ਹੋ : ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਮਾਤਾ ਦੇ ਦਿਹਾਂਤ 'ਤੇ ਕੈਪਟਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ