''ਪੰਜਾਬ'' ''ਚ ਆਰਥਿਕ ਸੰਕਟ ਡੂੰਘਾ, ਕੀ ਮੁਲਾਜ਼ਮਾਂ ਨੂੰ ਮਿਲੇਗੀ ''ਦਸੰਬਰ ਦੀ ਤਨਖਾਹ''?

11/30/2019 6:28:17 PM

ਚੰਡੀਗੜ੍ਹ (ਵਰੁਣ) : ਕੇਂਦਰ ਸਰਕਾਰ ਵਲੋਂ ਪਿਛਲੇ 3 ਮਹੀਨਿਆਂ ਤੋਂ ਜੀ. ਐਸ. ਟੀ. ਦਾ 4100 ਕਰੋੜ ਰੁਪਿਆ ਨਾ ਦਿੱਤੇ ਜਾਣ ਕਾਰਨ ਪੰਜਾਬ 'ਚ ਆਰਥਿਕ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਨਵੰਬਰ ਮਹੀਨੇ ਦਾ ਆਖਰੀ ਦਿਨ ਹੈ ਅਤੇ ਕੱਲ ਇਕ ਦਸੰਬਰ ਹੈ ਅਤੇ ਕੀ ਇੰਨੇ ਡੂੰਘੇ ਆਰਥਿਕ ਸੰਕਟ ਦੇ ਚੱਲਦਿਆਂ ਸੂਬੇ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣਗੀਆਂ ਜਾਂ ਨਹੀਂ। ਇਸ ਦਾ ਜਵਾਬ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਰੋਸਾ ਦੁਆਇਆ ਹੈ ਕਿ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ ਅਤੇ ਕਿਸੇ ਦੀ ਤਨਖਾਹ ਨਹੀਂ ਰੋਕੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਮੁਤਾਬਕ ਕੇਂਦਰ ਵਲੋਂ ਜੀ. ਐੱਸ. ਟੀ. ਦਾ ਪੈਸਾ ਸਿਰਫ ਥੋੜ੍ਹੀ ਦੇਰ ਲਈ ਰੋਕਿਆ ਗਿਆ ਹੈ ਜੋ ਕਿ ਉਨ੍ਹਾਂ ਨੂੰ ਮਿਲ ਜਾਵੇਗਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਹੁੰਦੀ ਹੈ ਤਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਇਕ ਇੰਟਰਨਲ ਨੋਟ ਦੇਸ਼ ਦੇ ਵਿੱਤ ਵਿਭਾਗ ਨੂੰ ਦਿੱਤਾ ਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ 'ਚ ਮੰਦੀ ਦਾ ਦੌਰ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਜਿੱਥੇ ਜੀ. ਐੱਸ. ਟੀ. ਕੁਲੈਕਸ਼ਨ 'ਚ ਬਾਕੀ ਸੂਬਿਆਂ ਦੀ ਐਵਰੇਜ 4 ਫੀਸਦੀ ਹੈ, ਉੱਥੇ ਹੀ ਪੰਜਾਬ ਦੀ ਇਹ ਐਵਰੇਜ 10 ਫੀਸਦੀ ਹੈ, ਜੋ ਕਿ ਕਿਤੇ ਜ਼ਿਆਦਾ ਹੈ।

ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਦੇ ਬਾਵਜੂਦ ਵੀ ਤਨਖਾਹਾਂ, ਪੈਨਸ਼ਨਾਂ, ਵਿਆਜ ਅਤੇ ਕਰਜ਼ਿਆਂ ਦੀਆਂ ਅਦਾਇਗੀਆਂ ਪੰਜਾਬ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਸਬੰਧੀ ਸਾਰੇ ਸੂਬਿਆਂ ਦੇ ਵਿੱਤ ਮੰਤਰੀਆਂ ਨੇ ਕੇਂਦਰੀ ਵਿੱਤ ਮੰਤਰੀ ਨਾਲ ਮੀਟਿੰਗ ਵੀ ਰੱਖੀ ਹੈ।


Babita

Content Editor

Related News