ਸੰਨ 2019 ਵਿਧਾਨ ਸਭਾ ਹਲਕਾ ਦਾਖਾ ਦਾ ਲਿਖ ਗਿਆ ਨਵਾਂ ਅਧਿਆਏ
Tuesday, Dec 31, 2019 - 10:29 AM (IST)
ਮੁੱਲਾਂਪੁਰ ਦਾਖਾ (ਕਾਲੀਆ)- ਸਿਆਸੀ ਗਲਿਆਰਿਆਂ ਦੇ ਝਰੋਖੇ ’ਤੇ ਝਾਤ ਮਾਰੀਏ ਤਾਂ ਸੰਨ 2019 ਵਿਧਾਨ ਸਭਾ ਹਲਕਾ ਦਾਖਾ ਦਾ ਨਵਾਂ ਅਧਿਆਏ ਲਿਖ ਗਿਆ ਹੈ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੱਤਾਧਾਰੀ ਸਰਕਾਰ ਨੂੰ ਹਰਾ ਕੇ ਨਵਾਂ ਅਧਿਆਏ ਰਚਿਆ ਹੈ। ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵਲੋਂ ਅਸਤੀਫਾ ਦੇਣ ਉਪਰੰਤ ਵੱਕਾਰੀ ਬਣੀ ਸੀਟ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸੰਧੂ ਕਾਂਗਰਸ ਪਾਰਟੀ ਵਲੋਂ ਵਿਧਾਇਕ ਮਨਪ੍ਰੀਤ ਇਯਾਲੀ ਅਕਾਲੀ ਦਲ ਵਿਰੁੱਧ ਚੋਣ ਮੈਦਾਨ ’ਚ ਉਤਾਰੇ ਗਏ ਸਨ। ਉਸ ਸਮੇਂ ਪੂਰੇ ਪੰਜਾਬ ਦੀਆਂ ਨਜ਼ਰਾਂ ਵਿਧਾਨ ਸਭਾ ਹਲਕਾ ਦਾਖਾ ਉਪਰ ਟਿਕੀਆਂ ਹੋਈਆਂ ਸਨ।
ਭਾਵੇਂ ਸੂਬੇ ’ਚ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਸਨ ਪਰ ਹਲਕਾ ਦਾਖਾ ਵੱਕਾਰੀ ਸੀਟ ਬਣ ਚੁੱਕੀ ਸੀ, ਕਿਉਂਕਿ ਇਯਾਲੀ ਦੀ ਟੱਕਰ ਸਿੱਧੇ ਤੌਰ ’ਤੇ ਸੱਤਾਧਾਰੀ ਸਰਕਾਰ ਨਾਲ ਸੀ। ਸੱਤਾਧਾਰੀ ਸਰਕਾਰ ਨੇ ਇਸ ਸੀਟ ਨੂੰ ਜਿੱਤਣ ਲਈ ਸਰਕਾਰੀ ਤੰਤਰ ਅਤੇ ਮਸ਼ੀਨਰੀ ਦਾ ਪ੍ਰਯੋਗ ਕਰਦਿਆਂ ਇਯਾਲੀ ਨੂੰ ਹਰਾਉਣ ਲਈ ਹਰ ਹੱਥਕੰਡਾ ਵਰਤਿਆ ਪਰ ਜਿਉਂ-ਜਿਉਂ ਸੱਤਾਧਾਰੀ ਸਰਕਾਰ ਧੱਕੇਸ਼ਾਹੀ ਕਰਦੀ ਗਈ, ਦੂਜੇ ਪਾਸੇ ਇਯਾਲੀ ਦਾ ਗਰਾਫ ਵਧਦਾ ਗਿਆ। ਸੋਸ਼ਲ ਮੀਡੀਆ ’ਤੇ ਇਯਾਲੀ ਦੀ ਵੱਧਦੀ ਹਰਮਨ-ਪਿਆਰਤਾ ਅਤੇ ਸਿੱਖ ਵੋਟ ਨੇ ਇਯਾਲੀ ਦਾ ਕੱਦ ਹੋਰ ਉੱਚਾ ਕਰ ਦਿੱਤਾ। ਹਲਕਾ ਦਾਖੇ ਦੇ ਲੋਕਾਂ ਨੇ ਬੇਖੌਫ ਹੋ ਕੇ ਵੋਟਾਂ ਪਾਈਆਂ ਅਤੇ ਇਯਾਲੀ ਨੂੰ ਕਰੀਬ 15000 ਵੋਟਾਂ ਨਾਲ ਬਹੁਮਤ ਦੇ ਕੇ ਜਿਤਾਇਆ ਅਤੇ ਸੱਤਾਧਾਰੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਇਯਾਲੀ ਨੇ ਨਵਾਂ ਇਤਿਹਾਸ ਰਚਦਿਆਂ ਪੂਰੇ ਮਾਲਵੇ ਵਿਚ ਆਪਣਾ ਝੰਡਾ ਬੁਲੰਦ ਕੀਤਾ, ਜਿਸ ਦੀ ਚਰਚਾ ਅੱਜ ਵੀ ਸੱਥਾਂ ਦਾ ਸ਼ਿੰਗਾਰ ਬਣੀ ਹੋਈ ਹੈ।