ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਨਾਲ ਕੀਤੀ ਸੀ ਮੁਲਾਕਾਤ, ਛਿੜੀ ਨਵੀਂ ਚਰਚਾ
Thursday, Jan 19, 2023 - 11:03 AM (IST)
ਲੁਧਿਆਣਾ (ਹਿਤੇਸ਼) : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅਚਾਨਕ ਭਾਜਪਾ ’ਚ ਸ਼ਾਮਲ ਹੋਣ ਸਬੰਧੀ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਵਿਚ ਸਭ ਤੋਂ ਵੱਧ ਚਰਚਾ ਕਾਂਗਰਸ ਛੱਡਣ ਤੋਂ ਪਹਿਲਾਂ ਨਵਜੋਤ ਸਿੱਧੂ ਨਾਲ ਕੀਤੀ ਗਈ ਮੁਲਾਕਾਤ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਸਰਕਾਰ ਦੌਰਾਨ ਮਨਪ੍ਰੀਤ ਬਾਦਲ ਵੱਲੋਂ ਨਵਜੋਤ ਸਿੱਧੂ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਜ਼ਿਆਦਾ ਸਮਰਥਨ ਦਿੱਤਾ ਗਿਆ ਸੀ ਪਰ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਮਨਪ੍ਰੀਤ ਬਾਦਲ ਲਗਭਗ ਸਿਆਸੀ ਤੌਰ ’ਤੇ ਅਲੋਪ ਹੋ ਗਏ ਸਨ, ਜਿਸ ਨੂੰ ਉਨ੍ਹਾਂ ਦੇ ਰਾਜਾ ਵੜਿੰਗ ਨਾਲ ਖ਼ਰਾਬ ਰਿਸ਼ਤਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ ਦੇ ਕਾਂਗਰਸ 'ਚੋਂ ਅਸਤੀਫ਼ੇ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ
ਇਸੇ ਦੌਰਾਨ ਮਨਪ੍ਰੀਤ ਬਾਦਲ ਵਲੋਂ ਪਿਛਲੇ ਦਿਨੀਂ ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਗਈ, ਜਿਸ ਤੋਂ ਬਾਅਦ ਤੋਂ ਇਹ ਚਰਚਾ ਛਿੜ ਗਈ ਸੀ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਦੋਵੇਂ ਮਿਲ ਕੇ ਨਵੀਂ ਸਿਆਸੀ ਪਾਰਟੀ ਸ਼ੁਰੂ ਕਰ ਸਕਦੇ ਹਨ ਕਿਉਂਕਿ ਸਿੱਧੂ ਦੇ ਰਿਸ਼ਤੇ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਰਾਜਾ ਵੜਿੰਗ ਨਾਲ ਜ਼ਿਆਦਾ ਚੰਗੇ ਨਹੀਂ ਹਨ ਅਤੇ ਉਹ ਦੋਵੇਂ ਪ੍ਰਿਯੰਕਾ ਗਾਂਧੀ ਵਲੋਂ ਸਿੱਧੂ ਨੂੰ ਜੇਲ੍ਹ ’ਚ ਚਿੱਠੀ ਲਿਖਣ ਦੀਆਂ ਖ਼ਬਰਾਂ ’ਤੇ ਸਖ਼ਤ ਪ੍ਰਤੀਕਿਰਿਆ ਦੇ ਚੁੱਕੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪਤੀ ਨੇ ਪਤਨੀ ਨਾਲ ਕਮਾਇਆ ਧ੍ਰੋਹ, ਦੋਸਤਾਂ ਨੂੰ ਬੁਲਾ ਆਪ ਕਰਵਾਇਆ ਗੈਂਗਰੇਪ
ਹਾਲਾਂਕਿ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਆਉਣ ’ਤੇ ਕਾਂਗਰਸ ਵਿਚ ਵੱਡੀ ਜ਼ਿੰਮੇਵਾਰੀ ਮਿਲਣ ਦੇ ਕਿਆਸ ਲਾਏ ਜਾ ਰਹੇ ਹਨ, ਜਿਸ ਦੇ ਸੰਕੇਤ ਉਨ੍ਹਾਂ ਦੀ ਪਤਨੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨਾਲ ਸ਼ਾਮਲ ਹੋਣ ਤੋਂ ਮਿਲਦੇ ਹਨ ਪਰ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਵਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਹਲਚਲ ਤੇਜ਼ ਹੋ ਗਈ ਹੈ ਕਿ ਇਹ ਫ਼ੈਸਲਾ ਦੋਵਾਂ ਨੇ ਆਪਸੀ ਸਲਾਹ ਨਾਲ ਕੀਤਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।