ਮਨਪ੍ਰੀਤ ਬਾਦਲ ਨੇ ਸੀਤਾਰਮਨ ਕੋਲ ਚੁੱਕਿਆ GST ਦੇ ਬਕਾਏ ਦਾ ਮੁੱਦਾ

Tuesday, Oct 29, 2019 - 11:55 PM (IST)

ਮਨਪ੍ਰੀਤ ਬਾਦਲ ਨੇ ਸੀਤਾਰਮਨ ਕੋਲ ਚੁੱਕਿਆ GST ਦੇ ਬਕਾਏ ਦਾ ਮੁੱਦਾ

ਚੰਡੀਗੜ੍ਹ,(ਭੁੱਲਰ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਕੇ ਸੂਬੇ ਦੇ ਕੇਂਦਰ ਵੱਲ ਖੜ੍ਹੇ ਜੀ. ਐਸ. ਟੀ. ਬਕਾਏ ਦਾ ਛੇਤੀ ਭੁਗਤਾਨ ਕਰਨ ਦੀ ਮੰਗ ਕੀਤੀ। ਮਨਪ੍ਰੀਤ ਨੇ ਦੱਸਿਆ ਕਿ ਪੰਜਾਬ ਦਾ ਬਣਦਾ ਹਿੱਸਾ ਜਾਰੀ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ 'ਚ ਦੇਰੀ ਹੋਣ ਨਾਲ ਸੂਬੇ ਦੇ ਰੋਜ਼ਮਰਾ ਦੇ ਕੰਮਕਾਜ 'ਤੇ ਅਸਰ ਪੈ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨੇ ਮਨਪ੍ਰੀਤ ਬਾਦਲ ਨੂੰ ਉਪਰੋਕਤ ਮੁੱਦਿਆਂ 'ਤੇ ਪ੍ਰਮੁੱਖਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਪੰਜਾਬ ਦੇ ਵਿੱਤ ਮੰਤਰੀ ਨੇ ਕੇਂਦਰ ਸਰਕਾਰ ਕੋਲ ਲੰਬਿਤ ਪੰਜਾਬ ਦੇ ਮਸਲੇ, ਵਿਸ਼ੇਸ਼ ਤੌਰ 'ਤੇ ਲੰਮੇ ਸਮੇਂ ਵਾਸਤੇ ਲੀਜ਼ 'ਤੇ ਜ਼ਮੀਨ ਦੇਣ ਲਈ ਸਰਵਿਸ ਟੈਕਸ ਤੋਂ ਛੋਟ ਦੇਣ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਨੇ ਹਾਲ ਹੀ 'ਚ ਤਿਆਰ ਕੀਤੀ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਦੇ ਕਈ ਪਹਿਲੂ ਵੀ ਕੇਂਦਰੀ ਮੰਤਰੀ ਨਾਲ ਸਾਂਝੇ ਕੀਤੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ 'ਚ ਸਨਅਤੀਕਰਨ ਦੀ ਫੌਰੀ ਲੋੜ ਹੈ। ਇਸ ਲਈ ਨਵੀਂ ਉਦਯੋਗਿਕ ਨੀਤੀ ਨੂੰ ਛੇਤੀ ਅਮਲ 'ਚ ਲਿਆਉਣ ਲਈ ਕੇਂਦਰ ਦੇ ਸਹਿਯੋਗ ਅਤੇ ਮਦਦ ਦੀ ਜ਼ਰੂਰਤ ਹੈ।


Related News