ਸਹੁਰਾ ਪਿੰਡ ''ਤੇ ਮਿਹਰਬਾਨ ਹੋਏ ਮਨਪ੍ਰੀਤ ਬਾਦਲ

Tuesday, Nov 20, 2018 - 03:01 PM (IST)

ਸਹੁਰਾ ਪਿੰਡ ''ਤੇ ਮਿਹਰਬਾਨ ਹੋਏ ਮਨਪ੍ਰੀਤ ਬਾਦਲ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਸਬ ਤਹਿਸੀਲ ਮੰਡੀ ਲੱਖੇਵਾਲੀ ਦੇ ਅਧੀਨ ਆਉਂਦਾ ਪਿੰਡ ਗੰਧੜ ਜੋ ਪਹਿਲਾਂ ਵਿਕਾਸ ਕਾਰਜਾਂ ਤੋਂ ਪੱਛੜਿਆਂ ਹੋਇਆ ਸੀ, ਵੱਲ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਦੀ ਨਜ਼ਰ ਪੈ ਗਈ ਹੈ ਅਤੇ ਉਹ ਆਪਣੇ ਸਹੁਰਿਆਂ ਦੇ ਪਿੰਡ ਗੰਧੜ ਵਿਖੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਲੱਗਦਾ ਹੈ ਹੁਣ ਮਿਹਰਬਾਨ ਹੋ ਗਏ ਹਨ। ਥੋੜਾ ਸਮਾਂ ਪਹਿਲਾਂ ਹੀ ਕਿਸਾਨਾਂ ਦੀਆਂ ਫ਼ਸਲਾਂ ਵੇਚਣ ਲਈ ਪਿੰਡ ਵਿਚ ਨਵੀਂ ਦਾਣਾ ਮੰਡੀ ਬਣਾਈ ਗਈ ਸੀ ਅਤੇ ਫਿਰ ਸੜਕਾਂ ਨੂੰ 18 ਫੁੱਟ ਚੌੜਾ ਬਨਾਉਣ ਲਈ ਪੈਸੇ ਭੇਜੇ ਗਏ ਸਨ ਅਤੇ ਹੁਣ ਪਿੰਡ ਵਿਚ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦੀ ਚਾਰਦੀਵਾਰੀ ਕਰਨ ਲਈ ਖਜ਼ਾਨਾ ਮੰਤਰੀ ਵਲੋਂ ਆਪਣੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਰਾਹੀਂ 2 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ।
ਇਸ ਦੌਰਾਨ ਬੀਤੇ ਦਿਨ ਜੈਜੀਤ ਸਿੰਘ ਜੌਹਲ ਨੇ ਆਪਣੀ ਜੇਬ 'ਚੋਂ 70 ਹਜ਼ਾਰ ਰੁਪਏ ਖਰਚ ਕੇ ਸਰਕਾਰੀ ਪ੍ਰਾਇਮਰੀ ਸਕੂਲ ਗੰਧੜ ਵਿਚ ਬੱਚਿਆਂ ਲਈ ਝੂਟੇ ਵੀ ਲਗਵਾਏ ਸਨ, ਜਿੰਨ੍ਹਾਂ ਦਾ ਉਦਘਾਟਨ ਉਨ੍ਹਾਂ ਨੇ ਮੰਗਲਵਾਰ ਨੂੰ ਕੀਤਾ।
ਦੋਵਾਂ ਸਰਕਾਰੀ ਸਕੂਲਾਂ ਨੂੰ ਦਿੱਤੇ ਗਏ ਆਰ. ਓ. 
ਜੈਜੀਤ ਸਿੰਘ ਜੌਹਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਵਿਚ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਵੱਡੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਹੋਇਆ ਦੋ ਆਰ. ਓ. ਸਿਸਟਮ ਲੈ ਕੇ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਦੀਆਂ ਵਰਦੀਆਂ ਲਈ 10 ਹਜ਼ਾਰ ਰੁਪਏ ਨਗਦ ਦਿੱਤੇ।
ਕੀ ਕਹਿਣਾ ਹੈ ਪਿੰਡ ਦੇ ਲੋਕਾਂ ਦਾ
ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਜੈਜੀਤ ਸਿੰਘ ਜੌਹਲ ਵੱਲੋਂ ਪਿੰਡ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਪਿੰਡ ਦੇ ਲੋਕ ਪੂਰੇ ਖੁਸ਼ ਨਜ਼ਰ ਆ ਰਹੇ ਹਨ, ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਵਿਚ ਸਰਕਾਰੀ ਸਿਹਤ ਡਿਸਪੈਂਸਰੀ, ਸਰਕਾਰੀ ਪਸ਼ੂ ਹਸਪਤਾਲ , ਡਾਕਘਰ, ਬੈਂਕ ਆਦਿ ਬਨਾਉਣ ਤੋਂ ਇਲਾਵਾ ਬੰਦ ਪਿਆ ਆਰ. ਓ. ਸਿਸਟਮ ਚਲਾਉਣ ਦੀ ਲੋੜ ਹੈ ਅਤੇ ਗੰਧੜ ਪਿੰਡ ਨੂੰ ਆਵਾਜਾਈ ਦੀ ਸਹੂਲਤ ਲਈ ਬੱਸਾਂ ਦੇ ਟਾਈਮ ਵੀ ਹੋਰ ਚਲਾਏ ਜਾਣ।


Related News