ਅਕਾਲੀ ਵਿਧਾਇਕ 'ਇਆਲੀ' ਦੀ ਕੇਂਦਰ ਨੂੰ ਵੰਗਾਰ, 'ਪੰਗਾ ਤਾਂ ਲੈ ਲਿਆ, ਹੁਣ ਕਿਸਾਨਾਂ ਦੀ ਸ਼ਕਤੀ ਦਾ ਪਤਾ ਲੱਗੇਗਾ'
Wednesday, Sep 23, 2020 - 01:36 PM (IST)

ਲੁਧਿਆਣਾ : ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ 'ਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਆਪਣੇ ਹਮਾਇਤੀਆਂ ਸਮੇਤ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਕੋਈ ਵੀ ਲੜਾਈ ਲੜਨੀ ਪਈ ਤਾਂ ਉਹ ਇਕਜੁੱਟ ਹੋ ਕੇ ਲੜਨਗੇ।
ਮਨਪ੍ਰੀਤ ਇਆਲੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਪੰਗਾ ਤਾਂ ਲੈ ਲਿਆ ਹੈ ਪਰ ਉਨ੍ਹਾਂ ਦੇ ਸੰਘਰਸ਼ ਤੋਂ ਸਰਕਾਰ ਨੂੰ ਪਤਾ ਲੱਗੇਗਾ ਕਿ ਕਿਸਾਨਾਂ 'ਚ ਕਿੰਨੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਨੂੰ ਆਪਣੇ ਸੰਘਰਸ਼ ਰਾਹੀਂ ਮਜਬੂਰ ਕਰ ਦੇਣਗੇ ਅਤੇ ਕੇਂਦਰ ਨੂੰ ਕਿਸਾਨਾਂ ਨੂੰ ਵਾਧੂ ਸਹੂਲਤਾਂ ਦੇ ਕੇ ਛੁੱਟਣਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ, 3 ਦਿਨ ਰੋਕੀਆਂ ਜਾਣਗੀਆਂ 'ਰੇਲਾਂ'
ਮਨਪ੍ਰੀਤ ਇਆਲੀ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਦੀ ਲੜਾਈ ਲੜਨਾ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਇਸ ਮੌਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਦਆਂ ਕਿਹਾ ਕਿ ਇਹ ਸਮਾਂ ਹੁੱਲੜਬਾਜ਼ੀ ਜਾਂ ਸਿਆਸਤ ਕਰਨ ਦਾ ਨਹੀਂ ਹੈ, ਸਗੋਂ ਇਕਜੁੱਟ ਹੋ ਕੇ ਕਿਸਾਨ ਭਰਾਵਾਂ ਨਾਲ ਖੜ੍ਹੇ ਹੋਣ ਦਾ ਸਮਾਂ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਸਣੇ 7 ਸੂਬਿਆਂ ਨਾਲ ਅੱਜ ਮੀਟਿੰਗ ਕਰਨਗੇ 'ਮੋਦੀ'
ਇਆਲੀ ਨੇ ਕਿਹਾ ਕਿ ਉਹ ਸਿਆਸੀ ਲੀਡਰ ਹੋਣ ਤੋਂ ਪਹਿਲਾਂ ਇਕ ਕਿਸਾਨ ਹਨ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਕਦਮ 'ਤੇ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਸੰਘਰਸ਼ 'ਚ ਉਹ ਪਿੱਛੇ ਨਹੀਂ ਹਟਣਗੇ।