ਪੰਜਾਬ ਬਾਰੇ ਅਮਿਤ ਸ਼ਾਹ ਦੇ ਬਿਆਨ 'ਤੇ ਮਾਨ ਸਰਕਾਰ ਦਾ ਪਲਟਵਾਰ, ਕਹੀ ਵੱਡੀ ਗੱਲ

11/16/2022 4:19:32 PM

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਤ ਹੇਅਰ ਨੇ ਕਿਹਾ ਕਿ ਭ੍ਰਿਸ਼ਟਾਚਾਰ, ਨਸ਼ਿਆਂ, ਅਪਰਾਧ ਅਤੇ ਹੋਰ ਅਜਿਹੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਹਰ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਵਿਰੋਧੀਆਂ ਨੂੰ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਚੜ੍ਹਤ ਦਾ ਪਤਾ ਲੱਗਿਆ ਹੈ, ਉਸ ਸਮੇਂ ਤੋਂ ਸਰਕਾਰ ਨੂੰ ਹਰ ਮੁੱਦੇ 'ਤੇ ਘੇਰਿਆ ਜਾ ਰਿਹਾ ਹੈ। ਮੀਤ ਹੇਅਰ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਸੂਬੇ ਬਾਰੇ ਗ੍ਰਹਿ ਮੰਤਰੀ ਕੋਈ ਗੱਲ ਕਹਿੰਦਾ ਹੈ ਤਾਂ ਇਹ ਅੰਤਰਰਾਸ਼ਟਰੀ ਪੱਧਰ 'ਤੇ ਬਦਨਾਮੀ ਹੁੰਦੀ ਹੈ।

ਇਹ ਵੀ ਪੜ੍ਹੋ : 'ਖੇਡਾਂ ਵਤਨ ਪੰਜਾਬ ਦੀਆਂ' ਦੇ ਸਮਾਪਨ ਸਮਾਰੋਹ ਨੇ ਚਿੰਤਾਂ 'ਚ ਪਾਏ ਨਿੱਜੀ ਸਕੂਲ ਸੰਚਾਲਕ ਤੇ ਮਾਪੇ

ਉਨ੍ਹਾਂ ਕਿਹਾ ਕਿ ਸਾਡੇ ਕੋਲ ਜੋ ਅੰਕੜੇ ਹਨ, ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਗੱਲਾਂ ਦੇ ਬਿਲਕੁਲ ਉਲਟ ਹਨ। ਮੀਤ ਹੇਅਰ ਨੇ ਕਿਹਾ ਕਿ ਇਹ ਦੋਸ਼ ਲਾਏ ਜਾ ਰਹੇ ਹਨ ਕਿ ਇੱਥੇ ਆਰਮਡ ਹਥਿਆਰਾਂ ਨਾਲ ਬਹੁਤ ਅਪਰਾਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹਿਸਾਬ ਨਾਲ ਪੰਜਾਬ 'ਚ 1820 ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਕਿ ਯੂ. ਪੀ. 'ਚ ਇਹ ਘਟਨਾਵਾਂ 1 ਲੱਖ, 34 ਹਜ਼ਾਰ ਤੋਂ ਵਧੇਰੇ ਹੋਈਆਂ ਹਨ ਅਤੇ ਹਰਿਆਣਾ ਵੀ ਪੰਜਾਬ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਤਲ ਵਰਗੀਆਂ ਵਾਰਦਾਤਾਂ ਪਿਛਲੇ ਸਾਲਾਂ ਨਾਲੋਂ ਘਟੀਆਂ ਹਨ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਅਸੀਂ ਸੁਰੱਖਿਆ ਏਜੰਸੀਆਂ ਦਾ ਪੂਰਾ ਸਾਥ ਦਿੰਦੇ ਹਾਂ, ਫਿਰ ਵੀ ਪੰਜਾਬ ਨੂੰ ਹਮੇਸ਼ਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : NCB ਨੇ 20 ਕਿੱਲੋ ਹੈਰੋਇਨ ਕੀਤੀ ਬਰਾਮਦ, ਗੁਪਤ ਤਰੀਕੇ ਫੜ੍ਹੇ ਲੋਕਾਂ ਨੂੰ ਨਾਲ ਹੀ ਲੈ ਗਈ
ਜਾਣੋ ਕੀ ਦਿੱਤਾ ਸੀ ਬਿਆਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਹਾਲਾਤ 'ਤੇ ਸਾਡੀ ਨਜ਼ਰ ਹੈ। ਪੰਜਾਬ 'ਚ ਹਾਲਾਤ ਨੂੰ ਕੇਂਦਰ ਸਰਕਾਰ ਕਿਸੇ ਵੀ ਹਾਲਤ 'ਚ ਆਊਟ ਆਫ ਕੰਟਰੋਲ ਨਹੀਂ ਹੋਣ ਦੇਵੇਗੀ। ਅਮਿਤ ਸ਼ਾਹ ਨੇ ਕਿਹਾ ਸੀ ਕਿ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕੰਮ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News