ਮਾਨ ਸਰਕਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਦਿੱਤੀ ਗਾਰੰਟੀ ਪੁਗਾਵੇ : ਬੀਬੀ ਰਾਜਵਿੰਦਰ ਕੌਰ

Sunday, Apr 24, 2022 - 05:16 PM (IST)

ਮਾਨ ਸਰਕਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਦਿੱਤੀ ਗਾਰੰਟੀ ਪੁਗਾਵੇ : ਬੀਬੀ ਰਾਜਵਿੰਦਰ ਕੌਰ

ਚੰਡੀਗੜ੍ਹ (ਬਿਊਰੋ) : ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਸਰਕਾਰ ਸੂਬੇ ’ਚ ਨਿੱਤ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਵੋਟਾਂ ਵੇਲੇ ਦਿੱਤੀ ਗਾਰੰਟੀ ਪੁਗਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਐੱਫ.ਸੀ.ਆਈ. ਵੱਲੋਂ ਵੱਧ ਤਪਸ਼ ਕਾਰਨ ਕਣਕ ਦਾ ਝਾੜ ਘਟਣ ਸਬੰਧੀ ਕੀਤੇ ਸਰਵਿਆਂ ਦੇ ਆਧਾਰ ’ਤੇ ਸੂਬਾ ਸਰਕਾਰ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦਾ ਤੁਰੰਤ ਐਲਾਨ ਕਰੇ।  ਅੱਜ ਇਥੋਂ ਜਾਰੀ ਇਕ ਬਿਆਨ ’ਚ ਇਹ ਮੰਗ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਜਦੋਂ ਕੇਂਦਰ ਤੇ ਸੂਬਾ ਸਰਕਾਰਾਂ ਆਪੋ-ਆਪਣੇ ਸਰਵੇਖਣਾਂ ’ਚ ਮੰਨ ਚੁੱਕੀਆਂ ਹਨ ਕਿ ਐਤਕੀਂ ਹਾੜ੍ਹੀ ਦੌਰਾਨ 10-20 ਫੀਸਦੀ ਤੱਕ ਕਣਕ ਦੇ ਦਾਣੇ ਮਾਜੂ ਰਹਿਣ ਕਰਕੇ ਪ੍ਰਤੀ ਏਕੜ 6-10 ਕੁਇੰਟਲ ਝਾੜ ਘਟਣ ਨਾਲ ਸੂਬੇ ਦੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਪੁੱਜਾ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਦਿੱਤੀਆਂ ਗਾਰੰਟੀਆਂ ਅਤੇ ਕੀਤੇ ਵਾਅਦਿਆਂ ਮੁਤਾਬਕ ਤੁਰੰਤ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ।

ਇਹ ਵੀ ਪੜ੍ਹੋ :ਅਹਿਮ ਖ਼ਬਰ : ADGP ਟਰੈਫਿਕ ਨੇ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਵਾਲਾ ਫ਼ੈਸਲਾ ਲਿਆ ਵਾਪਸ

ਮਹਿਲਾ ਕਿਸਾਨ ਨੇਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਾਇਆ ਕਿ ਸਾਲ 2016 ਤੋਂ ਜਨਵਰੀ 2022 ਤੱਕ ਵੱਖ-ਵੱਖ ਸਮਿਆਂ ਉੱਤੇ ਅਤੇ 29 ਅਕਤੂਬਰ 2021 ਨੂੰ ਲੁਧਿਆਣਾ ਵਿਖੇ ਆਯੋਜਿਤ ‘‘ਕਿਸਾਨਾਂ ਨਾਲ ਕੇਜਰੀਵਾਲ ਦੀ ਗੱਲਬਾਤ’’ ਪ੍ਰੋਗਰਾਮ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਤੁਹਾਡੇ (ਭਗਵੰਤ ਮਾਨ) ਵੱਲੋਂ ਕਿਸਾਨਾਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਇਹ ਯਕੀਨੀ ਬਣਾਵਾਂਗੇ ਕਿ ‘ਆਪ’ ਦੀ ਸਰਕਾਰ ਬਣਨ ਪਿੱਛੋਂ ਪਹਿਲੀ ਅਪ੍ਰੈਲ 2022 ਤੋਂ ਬਾਅਦ ਕਿਸੇ ਕਿਸਾਨ ਦੀ ਖੁਦਕੁਸ਼ੀ ਨਹੀਂ ਹੋਵੇਗੀ। ਇਸ ਤੋਂ ਇਲਾਵਾ 11 ਸਤੰਬਰ 2016 ਦੀ ਮੋਗਾ ਰੈਲੀ ਮੌਕੇ ਪੰਜਾਬ ’ਚ ਨਵਾਂ ‘ਸਰ ਛੋਟੂ ਰਾਮ ਖੇਤੀ ਕਾਨੂੰਨ’ ਬਣਾਉਣ ਅਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਸਮੇਤ ਉਸ ਕਿਸਾਨ ਮੈਨੀਫੈਸਟੋ ’ਚ ਕਾਸ਼ਤਕਾਰਾਂ ਦੀ ਬਿਹਤਰੀ ਲਈ 31 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਸੀ ਅਤੇ 2022 ਦੀਆਂ ਚੋਣਾਂ ਮੌਕੇ ਪਾਰਟੀ ਚੋਣ ਮਨੋਰਥ ਪੱਤਰ ’ਚ ਕਿਸਾਨਾਂ ਨੂੰ ਵੱਡੀਆਂ ਗਾਰੰਟੀਆਂ ਲਿਖਤੀ ਦਿੱਤੀਆਂ ਹਨ ਪਰ ਆਮ ਆਦਮੀ ਬਣ ਕੇ ਵੱਡੇ ਵਾਅਦੇ ਕਰਨ ਵਾਲੇ ਨਵੇਂ ਸਜੇ ਨੇਤਾ ਚੋਣਾਂ ਜਿੱਤ ਕੇ ਹੁਣ ਸੱਤਾ ਦੇ ਨਸ਼ੇ ’ਚ ਕਿਸਾਨਾਂ ਦਾ ਦੁੱਖ-ਦਰਦ ਭੁੱਲ ਚੁੱਕੇ ਹਨ, ਜਿਸ ਕਰਕੇ ਇਸ ਸਰਕਾਰ ਤੋਂ ਵੀ ਪੰਜਾਬ ਦੇ ਲੋਕਾਂ ਪੱਲੇ ਨਿਰਾਸ਼ਾ ਹੀ ਪਈ ਹੈ।

ਕਿਸਾਨ ਨੇਤਾ ਨੇ ਭਗਵੰਤ ਮਾਨ ਨੂੰ ਇਹ ਵੀ ਯਾਦ ਕਰਾਇਆ ਕਿ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਹੁੰਦਿਆਂ ਉਹ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਭੋਗਾਂ ਉੱਤੇ ਜਾ ਕੇ ਹਮਦਰਦੀ ਪ੍ਰਗਟਾਉਣ ਮੌਕੇ ਅਤੇ ਸੰਸਦ ਵਿਚ ਭਾਸ਼ਣ ਦੇਣ ਮੌਕੇ ਤੱਤਕਾਲੀ ਸਰਕਾਰਾਂ ਨੂੰ ਪਾਣੀ ਪੀ-ਪੀ ਕੋਸਦੇ ਰਹੇ ਹਨ ਪਰ ਹੁਣ ਆਪਣੀ ਸਰਕਾਰ ਬਣਨ ਪਿੱਛੋਂ ਰੋਜ਼ਾਨਾ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਉੱਤੇ ਉਨ੍ਹਾਂ ਕਿਉਂ ਚੁੱਪ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਹੁਣ ਤੱਕ ਦਰਜਨ ਤੋਂ ਉੱਪਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ’ਚੋਂ ਸੱਤ ਕਿਸਾਨਾਂ ਨੇ ਖੁਦਕੁਸ਼ੀਆਂ ਤਾਂ ਕਣਕ ਦੀ ਘੱਟ ਪੈਦਾਵਾਰ ਨਾਲ ਹੋਏ ਨੁਕਸਾਨ ਕਰਕੇ ਕੀਤੀਆਂ ਹਨ। ਬੀਬੀ ਰਾਜੂ ਨੇ ਮੰਗ ਕੀਤੀ ਹੈ ਕਿ ਕੋਲੇ ਅਤੇ ਬਿਜਲੀ ਦੇ ਤਾਜ਼ਾ ਸੰਕਟ ਨੂੰ ਦੇਖਦਿਆਂ ਭਗਵੰਤ ਮਾਨ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਕਾਸ਼ਤ ਲਈ ਖੇਤੀ ਟਿਊਬਵੈੱਲਾਂ ਖਾਤਰ 24 ਘੰਟੇ ਬਿਜਲੀ ਦੇਣ ਦੇ ਅਗਾਊਂ ਪ੍ਰਬੰਧ ਕਰਨ ਅਤੇ ਮੈਨੀਫੈਸਟੋ ’ਚ ਦਿੱਤੀਆਂ ਗਾਰੰਟੀਆਂ ਮੁਤਾਬਿਕ ਕਿਸਾਨਾਂ ਨੂੰ ਮਿਆਰੀ ਅਤੇ ਸੁਧਰੇ ਬੀਜ ਉਪਲੱਬਧ ਕਰਵਾਉਣ। 


author

Manoj

Content Editor

Related News