ਕਾਰਜਕਾਰਨੀ ਨੇ ਨਹੀਂ ਦਿੱਤੀ ਸੀ ਕਲੱਬ ਖੋਲ੍ਹਣ ਦੀ ਮਨਜ਼ੂਰੀ : ਜੀ. ਕੇ.

08/17/2019 4:45:10 PM

ਨਵੀਂ ਦਿੱਲੀ/ਜਲੰਧਰ (ਬਿਊਰੋ/ਚਾਵਲਾ) : ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਦੇ ਕਲੱਬ ਲੀਜ਼ ਮਾਮਲੇ 'ਚ ਦਿੱਲੀ ਕਮੇਟੀ ਵਲੋਂ ਜਾਰੀ ਬਿਆਨ ਨੂੰ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਹਾਸਪੂਰਨ ਦੱਸਿਆ ਹੈ। ਜੀ. ਕੇ. ਨੇ ਕਿਹਾ ਕਿ ਕਮੇਟੀ ਵਲੋਂ ਕਿਸੇ ਨੂੰ ਵੀ ਅਧਿਕਾਰਤ ਤਰੀਕੇ ਨਾਲ ਕਲੱਬ ਖੋਲ੍ਹਣ ਦੀ ਮਨਜ਼ੂਰੀ ਕਮੇਟੀ ਦੇ ਜਨਰਲ ਹਾਊਸ ਜਾਂ ਕਾਰਜਕਾਰਨੀ ਨੇ ਨਹੀਂ ਦਿੱਤੀ। ਨਾਲ ਹੀ ਇਸ ਦਾ ਉਦਘਾਟਨ ਮੈਂ ਨਹੀਂ ਸਗੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੁਲਾ ਕੇ ਖੁਦ ਸਿਰਸਾ ਨੇ ਕਰਵਾਇਆ ਸੀ, ਇਸ ਲਈ ਸਿਰਸਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਹ ਮੇਰੇ ਖਿਲਾਫ ਚਲ ਰਹੇ ਇਕ ਕੇਸ ਦੀ ਫਿਕਰ ਨਾ ਕਰਦੇ ਹੋਏ ਆਪਣੇ ਖਿਲਾਫ ਭ੍ਰਿਸ਼ਟਾਚਾਰ ਅਤੇ ਮਾਣਹਾਨੀ ਮਾਮਲੇ 'ਚ ਚਲ ਰਹੇ ਅੱਧਾ ਦਰਜਨ ਕੇਸਾਂ 'ਤੇ ਧਿਆਨ ਦੇਣ।

ਜੀ. ਕੇ. ਨੇ ਸਿਰਸਾ ਤੋਂ ਪੁੱਛਿਆ ਕਿ ਕੀ ਸਿਰਸਾ ਇਸ ਗੱਲ ਦਾ ਜਵਾਬ ਦੇਣਗੇ ਕਿ ਕਮੇਟੀ ਜਾਂ ਸਕੂਲ ਨੂੰ ਪਿਛਲੇ 4 ਸਾਲਾਂ ਦੌਰਾਨ ਕਲੱਬ ਤੋਂ ਕਿੰਨੀ ਰਾਸ਼ੀ ਪ੍ਰਾਪਤ ਹੋਈ ਹੈ? ਜੇਕਰ ਸਿਰਸਾ ਕੋਲ ਕਰਾਰ ਹੈ ਤਾਂ ਸਾਹਮਣੇ ਕਿਓਂ ਨਹੀਂ ਲਿਆਉਂਦੇ? ਸਿਰਸਾ ਖੁਦ ਬਿਨਾਂ ਬੁਲਾਏ ਦਿੱਲੀ ਸਿੱਖਿਆ ਵਿਭਾਗ ਦੀ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ ਹਨ। ਸਿਰਸਾ ਨੇ ਦਿੱਲੀ ਹਾਈਕੋਰਟ 'ਚ ਅੱਜ ਤਕ ਕਮੇਟੀ ਵਲੋਂ ਵਕੀਲ ਕਿਉਂ ਨਹੀਂ ਪੇਸ਼ ਹੋਣ ਦਿੱਤਾ? ਜੀ. ਕੇ. ਨੇ ਸਾਫ ਕਿਹਾ ਕਿ ਸਕੂਲ ਦੇ ਚੇਅਰਮੈਨ ਐੱਮ. ਪੀ. ਐੱਸ. ਚੱਢਾ ਅਤੇ ਮੈਨੇਜਰ ਸੁਪ੍ਰੀਤ ਕੌਰ 'ਤੇ ਆਪਣੀ ਜ਼ਿੰਮੇਵਾਰੀ ਪਾ ਕੇ ਸਿਰਸਾ ਨੂੰ ਉਹ ਭੱਜਣ ਨਹੀਂ ਦੇਣਗੇ, ਕਿਉਂਕਿ ਸਿਰਸਾ ਖੁਦ ਇਸ ਕਲੱਬ ਦੇ ਕਥਿਤ ਤੌਰ 'ਤੇ ਮਾਸਟਰਮਾਈਂਡ ਅਤੇ ਲੋਭੀ ਹਨ।


Anuradha

Content Editor

Related News