''ਜਾਗੋ'' ਪਾਰਟੀ ਨੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ, ਸਿੱਖ ਧਰਮ ਨੂੰ ਵੱਖਰਾ ਧਰਮ ਐਲਾਨਣ ਦੀ ਕੀਤੀ ਮੰਗ

Wednesday, Nov 27, 2019 - 02:53 PM (IST)

''ਜਾਗੋ'' ਪਾਰਟੀ ਨੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ, ਸਿੱਖ ਧਰਮ ਨੂੰ ਵੱਖਰਾ ਧਰਮ ਐਲਾਨਣ ਦੀ ਕੀਤੀ ਮੰਗ

ਜਲੰਧਰ (ਚਾਵਲਾ) : ਧਾਰਮਿਕ ਪਾਰਟੀ 'ਜਾਗੋ' ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੰਵਿਧਾਨ ਦਿਹਾੜੇ 'ਤੇ ਪੱਤਰ ਲਿਖਿਆ ਹੈ। ਪਾਰਟੀ ਵੱਲੋਂ ਭੇਜੇ ਗਏ ਪੱਤਰ ਵਿਚ ਰਾਸ਼ਟਰਪਤੀ ਨੂੰ ਸੰਵਿਧਾਨ ਦੇ ਆਰਟੀਕਲ 25 (ਬੀ) 'ਚ ਇਕ ਆਰਡੀਨੈਂਸ ਜ਼ਰੀਏ ਸੰਵਿਧਾਨਿਕ ਸੋਧ ਕਰਦੇ ਹੋਏ ਸਿੱਖ ਧਰਮ ਨੂੰ ਵੱਖ ਧਰਮ ਐਲਾਨਣ ਦੀ ਮੰਗ ਕੀਤੀ ਗਈ ਹੈ। ਨਾਲ ਹੀ ਜੀ. ਕੇ. ਨੇ ਸੰਵਿਧਾਨ 'ਚ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੇ ਮਿਲੇ ਅਧਿਕਾਰ ਦਾ ਰਾਸ਼ਟਰਪਤੀ ਨੂੰ ਹਵਾਲਾ ਦਿੰਦੇ ਹੋਏ ਕਾਰਜਪਾਲਿਕਾ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ। ਜੀ. ਕੇ. ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਭਾਰਤ ਦੇ ਸੰਵਿਧਾਨ 'ਚ ਸਿੱਖਾਂ ਲਈ ਵਿਰੋਧਾਭਾਸੀ ਦਲੀਲ ਹੈ। ਇਕ ਤਰ੍ਹਾਂ ਸਿੱਖਾਂ ਨੂੰ ਆਰਟੀਕਲ 25 (ਬੀ) ਹਿੰਦੂ ਧਰਮ ਦੀ ਸ਼ਾਖਾ ਦੱਸਦਾ ਹੈ ਤਾਂ ਉੱਥੇ ਹੀ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਆਜ਼ਾਦੀ ਵੀ ਦਿੰਦਾ ਹੈ। ਇਸ ਲਈ ਕਿਤੇ ਨਾ ਕਿਤੇ ਸੰਵਿਧਾਨਕਾਰਾਂ ਨੇ ਇਹ ਇਕ ਵੱਡੀ ਗਲਤੀ ਕੀਤੀ ਹੈ, ਜਿਸ ਨੂੰ ਦੇਸ਼ ਦੇ 70ਵੇਂ ਗਣਤੰਤਰ ਦਿਹਾੜੇ 26 ਜਨਵਰੀ 2020 ਤੋਂ ਪਹਿਲਾਂ ਸੁਧਾਰਨਾ ਚਾਹੀਦਾ ਹੈ।

ਜੀ. ਕੇ. ਨੇ ਕਿਹਾ ਕਿ ਜਿੱਥੇ ਵਿਦੇਸ਼ਾਂ 'ਚ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਅਤੇ ਆਪਣੀਆਂ ਪ੍ਰੰਪਰਾਵਾਂ ਦੀ ਪਾਲਣਾ ਕਰਨ ਦੀ ਆਜ਼ਾਦੀ ਹੈ, ਉੱਥੇ ਹੀ ਭਾਰਤ 'ਚ ਕੁਝ ਪ੍ਰੀਖਿਆਵਾਂ 'ਚ ਸਿੱਖਾਂ ਨੂੰ ਕੜੇ ਅਤੇ ਕਿਰਪਾਨ ਦੇ ਨਾਲ ਪ੍ਰੀਖਿਆ ਕੇਂਦਰ 'ਚ ਦਾਖਲ ਹੋਣ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰੋਕਿਆ ਜਾ ਰਿਹਾ ਹੈ, ਜੋ ਕਿ ਗਲਤ ਰੁਝੇਵਿਆਂ ਦੀ ਸ਼ੁਰੂਆਤ ਹੈ। ਸਿੱਖ ਲਈ ਕੜਾ ਅਤੇ ਕਿਰਪਾਨ ਧਾਰਮਿਕ ਸ਼ਰਧਾ ਦੇ ਚਿੰਨ੍ਹ ਹਨ। ਇਸ ਨੂੰ ਰੋਕਣ ਨਾਲ ਸਿੱਖ ਨੂੰ ਨਾਗਰਿਕ ਦੇ ਤੌਰ 'ਤੇ ਸੰਵਿਧਾਨ ਤੋਂ ਮਿਲੇ ਧਾਰਮਿਕ ਆਜ਼ਾਦੀ ਦੇ ਹੱਕ ਉੱਤੇ ਵੀ ਚੋਟ ਪੁੱਜਦੀ ਹੈ। ਜੀ. ਕੇ. ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਸੰਵਿਧਾਨ ਦਿਹਾੜੇ ਦੀ ਭਾਵਨਾ ਦੇ ਮੱਦੇਨਜ਼ਰ ਸੰਵਿਧਾਨ 'ਚ ਸੋਧ ਕਰ ਕੇ ਸਿੱਖ ਧਰਮ ਨੂੰ ਵੱਖ ਧਰਮ ਦੇ ਤੌਰ 'ਤੇ ਮਾਨਤਾ ਦਿੱਤੀ ਜਾਵੇ। ਸਿੱਖਾਂ ਨੂੰ ਭਾਰਤ ਤੋਂ ਜਾਣ ਵਾਲੀਆਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਵਿਚ ਵੀ ਕਿਰਪਾਨ ਸਣੇ ਉਡਾਣ ਭਰਨ ਦਾ ਨਿਰਦੇਸ਼ ਜਾਰੀ ਕੀਤਾ ਜਾਵੇ, ਨਾਲ ਹੀ ਕਾਰਜਪਾਲਿਕਾ ਦਾ ਹਿੱਸਾ ਬਣਨ ਵਾਲੇ ਅਧਿਕਾਰੀਆਂ ਦੀ ਟ੍ਰੇਨਿੰਗ ਵਿਚ ਸਿੱਖਾਂ ਦੇ ਕਿਰਪਾਨ ਧਾਰਨ ਕਰਨ ਦੇ ਸੰਵਿਧਾਨਿਕ ਹੱਕ ਦੀ ਜਾਣਕਾਰੀ ਦੇਣੀ ਜ਼ਰੂਰੀ ਕੀਤੀ ਜਾਵੇ।


author

Anuradha

Content Editor

Related News