ਲੰਗਰ ਲਈ ਸਰਕਾਰੀ ਮਦਦ ਦੀ ਸਿਰਸਾ ਦੀ ਇੱਛਾ ਵਿਵਾਦਾਂ ''ਚ ਆਈ
Thursday, Mar 19, 2020 - 06:26 PM (IST)
ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦਵਾਰਿਆਂ 'ਚ ਲੰਗਰ ਛਕਣ ਲਈ ਆ ਰਹੀ ਬੇਰੋਜ਼ਗਾਰ ਸੰਗਤ ਨੂੰ ਦਿੱਲੀ ਸਰਕਾਰ ਵੱਲੋਂ ਮਦਦ ਦੇਣ ਦੀ ਦਿੱਤੀ ਗਈ ਸਲਾਹ 'ਤੇ ਵਿਵਾਦ ਹੋ ਗਿਆ ਹੈ। ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸਿਰਸਾ ਨੂੰ ਲੰਗਰ ਦੀ ਪਵਿੱਤਰ ਮਰਿਆਦਾ ਨਾਲ ਨਾ ਖੇਡਣ ਦੀ ਸਿਰਸਾ ਨੂੰ ਨਸੀਹਤ ਦਿੱਤੀ ਹੈ। ਦਰਅਸਲ ਸਿਰਸਾ ਨੇ ਆਪਣੇ ਵੀਡੀਓ ਸੁਨੇਹੇ ਰਾਹੀਂ ਕੀਤੇ ਟਵੀਟ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਰੋਨਾ ਦੇ ਫੈਲਾਅ ਤੋਂ ਬਾਅਦ ਬੇਰੋਜ਼ਗਾਰ ਹੋਏ ਲੋਕਾਂ ਦੇ ਲੰਗਰ ਛਕਣ ਲਈ ਗੁਰਦਵਾਰਿਆਂ 'ਚ ਆਉਣ ਦਾ ਹਵਾਲਾ ਦਿੰਦੇ ਹੋਏ ਉਕਤ ਬੇਰੋਜ਼ਗਾਰਾਂ ਨੂੰ ਸਰਕਾਰੀ ਸਹਾਇਤਾ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀ ਦੇਣ ਦੀ ਗੁਹਾਰ ਲਾਈ ਸੀ।
'ਜਾਗੋ' ਪਾਰਟੀ ਦੇ ਪ੍ਰਧਾਨ ਜੀ. ਕੇ. ਨੇ ਇਸ ਮਸਲੇ ਉੱਤੇ ਮੀਡੀਆ ਨੂੰ ਜਾਰੀ ਆਪਣੇ ਪ੍ਰਤੀਕਰਮ ਵਿਚ ਕਿਹਾ ਕਿ ਸਿੱਖ ਇਤਿਹਾਸ 'ਚ ਸਿਰਸਾ ਨੇ ਸੁਰਖ਼ੀਆਂ ਵਿਚ ਰਹਿਣ ਦੀ ਆਪਣੀ ਆਦਤ ਤੋਂ ਮਜਬੂਰ ਹੋ ਕੇ ਇਕ ਵਾਰ ਫਿਰ ਵੱਡੀ ਭੁੱਲ ਕਰ ਦਿੱਤੀ ਹੈ। ਕੇਜਰੀਵਾਲ ਤੋਂ ਲੰਗਰ ਛਕਣ ਵਾਲੀ ਸੰਗਤ ਦੇ ਨਾਂ ਉੱਤੇ ਸਰਕਾਰੀ ਮਦਦ ਮੰਗਣਾ, ਇਕ ਤਰ੍ਹਾਂ ਨਾਲ ਕਮੇਟੀ ਵੱਲੋਂ 5 ਸ਼ਤਾਬਦੀ ਪੁਰਾਣੀ ਲੰਗਰ ਮਰਿਆਦਾ ਦੀ ਉਲੰਘਣਾ ਕਰਨਾ ਹੈ। ਜੀ. ਕੇ. ਨੇ ਦਾਅਵਾ ਕੀਤਾ ਕਿ ਸਿਰਸਾ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ ਹੈ, ਇਸ ਲਈ ਬਾਦਸ਼ਾਹ ਅਕਬਰ ਵੱਲੋਂ ਗੁਰੂ ਘਰ ਵਿਚ ਲੰਗਰ ਚਲਾਉਣ ਲਈ ਜਗੀਰਾਂ ਦਾਨ ਕਰਨ ਦੀ ਗੁਰੂ ਅਮਰਦਾਸ ਜੀ ਨੂੰ ਕੀਤੀ ਗਈ ਪੇਸ਼ਕਸ਼ ਨੂੰ ਗੁਰੂ ਸਾਹਿਬ ਵੱਲੋਂ ਠੁਕਰਾਉਣ ਦੇ ਬਾਰੇ ਸਿਰਸਾ ਨੂੰ ਪਤਾ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਦੀ ਦਲੀਲ ਸੀ ਕਿ ਗੁਰੂ ਦਾ ਲੰਗਰ ਸੰਗਤ ਦੀ ਨੇਕ ਅਤੇ ਧਰਮ ਦੀ ਕਮਾਈ ਨਾਲ ਹੀ ਚੱਲੇਗਾ, ਨਾ ਕਿ ਸਰਕਾਰੀ ਖ਼ਜ਼ਾਨੇ ਨਾਲ। ਜੀ. ਕੇ. ਨੇ ਖ਼ੁਲਾਸਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਸਮੇਂ ਵੀ ਸਿਰਸਾ ਨੇ ਸਵਿਗੀ ਅਤੇ ਜ਼ੋਮੈਟੋ ਵੱਲੋਂ ਖਾਣੇ ਦੀ ਕੀਤੀ ਜਾਂਦੀ ਹੋਮ ਡਲਿਵਰੀ ਦੀ ਤਰਜ਼ ਉੱਤੇ ਗੁਰਦਵਾਰਾ ਬੰਗਲਾ ਸਾਹਿਬ ਦੇ ਲੰਗਰ ਦੀ ਹੋਮ ਡਲਿਵਰੀ ਦੀ ਯੋਜਨਾ ਲਾਂਚ ਕੀਤੀ ਸੀ ਪਰ ਸਾਡੇ ਵਿਰੋਧ ਕਰ ਕੇ ਹੀ ਯੋਜਨਾ ਵਾਪਸ ਲੈ ਲਈ।
ਜੀ. ਕੇ. ਨੇ ਦਾਅਵਾ ਕੀਤਾ ਕਿ ਸਿਰਸਾ ਦਾ ਨਾਂ ਇਤਿਹਾਸ ਵਿਚ ਦਿੱਲੀ ਕਮੇਟੀ ਦੇ ਅਜਿਹੇ ਪਹਿਲੇ ਪ੍ਰਧਾਨ ਦੇ ਤੌਰ ਉੱਤੇ ਦਰਜ ਹੋ ਗਿਆ ਹੈ, ਜੋ ਕਿ ਆਪਦਾ ਸਮੇਂ ਗੁਰਦਵਾਰਿਆਂ ਲਈ ਸਰਕਾਰੀ ਮਦਦ ਲੱਭਦਾ ਹੈ, ਜਦੋਂਕਿ ਅੱਜ ਤੱਕ ਆਪਦਾ ਦੇ ਸਮੇਂ ਸਰਕਾਰਾਂ ਹੀ ਗੁਰਦਵਾਰਿਆਂ ਤੋਂ ਮਦਦ ਮੰਗਦੀ ਆਈਆਂ ਹਨ। ਜੀ. ਕੇ. ਨੇ ਕਿਹਾ ਕਿ ਲੰਗਰ ਨਾ ਜੀ. ਕੇ. ਦਾ ਹੈ, ਨਾ ਸਿਰਸਾ ਦਾ, ਇਹ ਸੰਗਤ ਦੀ ਮਾਇਆ ਤੋਂ ਚੱਲਣ ਵਾਲਾ ਗੁਰੂ ਦਾ ਲੰਗਰ ਹੈ। ਇਸ ਲਈ ਸੰਗਤ ਨੂੰ ਲੰਗਰ ਛਕਾਉਣ ਲਈ ਕਮੇਟੀ ਨੂੰ ਅਜਿਹੀ ਲਚਾਰਗੀ ਦਿਖਾਉਣੀ ਸ਼ੋਭਾ ਨਹੀਂ ਦਿੰਦੀ।
ਸਿਰਸਾ ਵਲੋਂ ਗੁਰਦਵਾਰਿਆਂ ਵਿਚ 15 ਦਿਨ ਪੁਰਾਣੇ ਵਿਦੇਸ਼ੀ ਸੈਲਾਨੀਆਂ ਨੂੰ ਹੀ ਪ੍ਰਵੇਸ਼ ਦੇਣ ਦੇ ਦਿੱਤੇ ਗਏ ਤੁਗਲਕੀ ਆਦੇਸ਼ 'ਤੇ ਜੀ. ਕੇ. ਨੇ ਸਵਾਲ ਚੁੱਕੇ। ਜੀ. ਕੇ. ਨੇ ਪੁੱਛਿਆ ਕਿ ਸਿਰਸਾ ਨੇ ਇਸ ਗੱਲ ਦੀ ਜਾਂਚ ਕਰਨ ਲਈ ਕੀ ਸਿਸਟਮ ਸਥਾਪਤ ਕੀਤਾ ਹੈ? ਜਦੋਂਕਿ ਵਿਦੇਸ਼ੀ ਤਾਂ ਦੂਰ ਵੱਡੀ ਗਿਣਤੀ ਵਿਚ ਚੀਨ ਅਤੇ ਯੂਰਪ ਵਿਚ ਰਹਿਣ ਵਾਲੇ ਭਾਰਤੀ ਪ੍ਰਵਾਸੀ ਨਾਗਰਿਕ ਵੀ ਭਾਰਤ ਵਾਪਸ ਆ ਗਏ ਹਨ। ਜੀ.ਕੇ. ਨੇ ਸਿਰਸਾ ਨੂੰ ਖਬਰਾਂ ਵਿਚ ਰਹਿਣ ਦੀ ਆਪਣੀ ਆਤਮਮੁਗਧਤਾ ਨੂੰ ਬਰਕਰਾਰ ਰੱਖਣ ਲਈ ਕਮੇਟੀ ਅਤੇ ਸਕੂਲ ਸਟਾਫ ਨੂੰ ਤਨਖਾਹ ਮਿਲਣ ਵਿਚ ਹੋ ਰਹੀ ਦੇਰੀ ਉੱਤੇ ਚੁੱਪੀ ਤੋੜਨ ਦੀ ਸਲਾਹ ਵੀ ਦਿੱਤੀ।