ਸਿਰਸਾ ਉਂਗਲ ''ਤੇ ਲਹੂ ਲਾ ਕੇ ਸ਼ਹੀਦ ਦਿਸਣ ਦੀ ਕਰ ਰਿਹੈ ਕੋਸ਼ਿਸ਼ : ਜੀ. ਕੇ.

03/05/2020 12:30:01 AM

ਜਲੰਧਰ/ਨਵੀਂ ਦਿੱਲੀ, (ਚਾਵਲਾ)—ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਦੇ ਮਾਮਲੇ ਉੱਤੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ 'ਜਾਗੋ' ਪਾਰਟੀ ਨੇ ਤੱਥਾਂ ਦੀ ਅਣਦੇਖੀ ਦੱਸਿਆ ਹੈ। ਮਨਜੀਤ ਸਿੰਘ ਜੀ. ਕੇ. ਨੇ ਸਿਰਸਾ ਨੂੰ ਝੂਠ ਨਾ ਬੋਲਣ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਿਰਸਾ ਨੇ ਪਹਿਲਾਂ ਸਕੂਲ ਦੀ 500 ਕਰੋੜ ਦੀ ਜ਼ਮੀਨ ਨੂੰ ਹੜੱਪਣ ਲਈ ਸੁੱਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨਲ ਸੋਸਾਇਟੀ ਦੀ ਮੁੜ ਉਸਾਰੀ ਕਰਵਾ ਕੇ ਉਸ ਨੂੰ ਸਿਆਸੀ ਹਿਫਾਜ਼ਤ ਦਿੱਤੀ ਅਤੇ ਸੋਸਾਇਟੀ ਵਿਚ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਕੁੱਝ ਕਰਮਚਾਰੀਆਂ ਨੂੰ ਸ਼ਾਮਲ ਕਰਵਾਇਆ। ਫਿਰ ਕਮੇਟੀ ਦੇ ਹੀ ਕਰਮਚਾਰੀ ਪ੍ਰਿੰਸੀਪਲ ਸੁਖਦੀਪ ਸਿੰਘ ਤੋਂ ਕਮੇਟੀ ਦੇ ਕਾਨੂੰਨੀ ਵਿਭਾਗ ਨੂੰ ਸਕੂਲ ਸੋਸਾਇਟੀ ਹੋਣ ਦਾ ਦਾਅਵਾ ਕਰਵਾਉਂਦੇ ਹੋਏ ਪੱਤਰ ਲਿਖਵਾਇਆ ਪਰ ਜਦੋਂ ਮੈਂ 14 ਫਰਵਰੀ 2020 ਨੂੰ ਸਿਰਸਾ ਦੇ ਲੁਕਵੇਂ ਏਜੰਡੇ ਨੂੰ ਮੀਡੀਆ ਦੇ ਸਾਹਮਣੇ ਜਗ-ਜ਼ਾਹਿਰ ਕਰ ਦਿੱਤਾ ਤਾਂ ਸਿਰਸਾ ਦਾ ਏਜੰਡਾ ਪੱਟੜੀ ਤੋਂ ਉੱਤਰ ਗਿਆ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਿਰਸਾ ਨੇ ਉਂਗਲ 'ਤੇ ਲਹੂ ਲਾ ਕੇ ਖੁਦ ਨੂੰ ਸ਼ਹੀਦ ਵਿਖਾਉਣ ਦੀ ਕਹਾਣੀ ਲਿਖੀ। ਪਹਿਲਾਂ 18 ਫਰਵਰੀ ਨੂੰ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਤੋਂ ਤੀਸ ਹਜ਼ਾਰੀ ਕੋਰਟ ਵਿਚ ਕਮੇਟੀ ਖਿਲਾਫ ਕੇਸ ਪਵਾਇਆ। ਜਿਸ ਵਿਚ ਮੇਰੇ ਫਰਜ਼ੀ ਦਸਤਖਤ ਦੀ ਇਕ ਚਿੱਠੀ ਲਾਈ ਗਈ। ਫਿਰ 23 ਫਰਵਰੀ ਨੂੰ ਉਕਤ ਫਰਜ਼ੀ ਚਿੱਠੀ ਮੀਡੀਆ ਨੂੰ ਜਾਰੀ ਕੀਤੀ ਗਈ। ਅਸੀਂ ਤੁਰੰਤ ਚਿੱਠੀ ਨੂੰ ਫਰਜ਼ੀ ਦੱਸਿਆ। ਫਿਰ 24 ਫਰਵਰੀ ਨੂੰ ਸਿਰਸਾ ਨੇ ਕੋਰਟ ਵਿਚ ਜਾ ਕੇ ਮੰਨਿਆ ਕਿ ਚਿੱਠੀ ਫਰਜ਼ੀ ਹੈ ਪਰ ਨਾਲ ਹੀ ਕਿਹਾ ਕਿ ਹਿੱਤ ਨੂੰ ਕੇਸ ਤਦ ਤੱਕ ਵਾਪਸ ਨਹੀਂ ਲੈਣ ਦੇਵਾਂਗੇ, ਜਦੋਂ ਤੱਕ ਚਿੱਠੀ ਦਾ ਫੈਸਲਾ ਨਹੀਂ ਹੁੰਦਾ। ਉਸ ਤੋਂ ਬਾਅਦ ਸਿਰਸਾ ਹਿੱਤ ਅਤੇ ਮੇਰੇ ਖਿਲਾਫ ਥਾਣਾ ਨਾਰਥ ਐਵੇਨਿਊ ਵਿਚ ਚਿੱਠੀ ਨੂੰ ਲੈ ਕੇ ਸ਼ਿਕਾਇਤ ਦਿੰਦੇ ਹਨ। ਇਸ ਦੌਰਾਨ ਮੈਂ ਵੀ ਸਿਰਸਾ ਅਤੇ ਹਿੱਤ ਦੇ ਖਿਲਾਫ ਸ਼ਿਕਾਇਤ ਦੇ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਹੁਣ ਸਿਰਸਾ ਨੂੰ ਸਮਝ ਆ ਜਾਂਦਾ ਹੈ ਕਿ ਉਹ ਘਿਰ ਗਏ ਹਨ। ਉਸ ਤੋਂ ਬਾਅਦ ਸਿਰਸਾ 3 ਮਾਰਚ ਨੂੰ ਹਿੱਤ ਦਾ ਕੇਸ ਵਾਪਸ ਕਰਵਾ ਦਿੰਦੇ ਹਨ ਪਰ ਮੀਡੀਆ ਦੇ ਸਾਹਮਣੇ ਦਾਅਵਾ ਕਰਦੇ ਹਨ ਕਿ ਕੋਰਟ ਨੇ ਮੰਨਿਆ ਹੈ ਕਿ ਸਕੂਲ ਕਮੇਟੀ ਦਾ ਹੈ।

ਸਿਰਸਾ ਦੇ ਦਾਅਵੇ ਅਨੁਸਾਰ 'ਜੋ ਕੰਮ 30 ਸਾਲ ਵਿਚ ਨਹੀਂ ਹੋਇਆ, ਉਹ ਮੈਂ ਕੀਤਾ ਹੈ' ਉੱਤੇ ਵਿਅੰਗ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਸਿਰਸਾ ਠੀਕ ਕਹਿ ਰਹੇ ਹਨ ਕਿਉਂਕਿ ਸਿਰਸਾ ਦਿੱਲੀ ਕਮੇਟੀ ਦੇ ਇਤਿਹਾਸ ਦੇ ਅਜਿਹੇ ਪਹਿਲੇ ਪ੍ਰਧਾਨ ਹਨ, ਜੋ ਪਹਿਲਾਂ ਕਮੇਟੀ ਉੱਤੇ ਕੇਸ ਪਵਾਉਂਦੇ ਹਨ, ਫਿਰ ਵਾਪਸ ਕਰਵਾਉਂਦੇ ਹਨ। ਜੀ. ਕੇ. ਨੇ ਸਿਰਸਾ ਤੋਂ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਕੂਲ ਦਾ ਮਾਮਲਾ ਨਿਬੇੜਨ ਦੇ 20 ਸਾਲ ਬਾਅਦ ਕੀ ਕਿਸੇ ਕਮੇਟੀ ਪ੍ਰਧਾਨ ਦੇ ਸਾਹਮਣੇ ਹਿੱਤ ਨੇ ਸਕੂਲ ਉੱਤੇ ਦਾਅਵਾ ਕੀਤਾ ਸੀ, ਇਹ ਹੁਣ ਕਿਉਂ ਹੋਇਆ?


Related News